ਝਬਾਲ, 8 ਦਸੰਬਰ (ਸੁਖਦੇਵ ਸਿੰਘ)-ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025, ਬੀਜ ਬਿੱਲ ਅਤੇ ਚਾਰ ਲੇਬਰ ਕੋਡ ਖ਼ਿਲਾਫ਼ ਸੰਯੁਕਤ ਮੋਰਚਾ ਭਾਰਤ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਉਪ ਮੰਡਲ ਦਫ਼ਤਰ ਝਬਾਲ ਅਤੇ ਸਰਾਏ ਅਮਾਨਤ ਖਾਂ ਵਿਖੇ ਰੋਸ ਮੁਜ਼ਾਹਰਾ ਕਰਕੇ ਕੇਂਦਰ ਵਲੋਂ ਲਿਆਂਦੇ ਜਾ ਰਹੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂ ਦਵਿੰਦਰ ਕੁਮਾਰ ਸੋਹਲ, ਰਤਨ ਸਿੰਘ ਢੰਡ, ਲੱਖਾ ਸਿੰਘ ਮੰਨਣ, ਮੋਤਾ ਸਿੰਘ ਸੋਹਲ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਬਿਜ਼ਲੀ ਸ਼ੋਧ ਬਿੱਲ 2025 ਪਾਸ ਹੋ ਜਾਂਦਾ ਹੈ ਤਾਂ ਬਿਜਲੀ ਵਿਚ ਮਿਲਣ ਵਾਲੀ ਸਬਸਿਡੀ ਖ਼ਤਮ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਲੋਕਾਂ ਦੇ ਬਾਹਰ ਪ੍ਰੀਪੇਡ ਮੀਟਰ ਲਗਾ ਦਿੱਤੇ ਜਾਣਗੇ, ਜਿਸ ਨਾਲ ਲੋਕਾਂ ਦੇ ਘਰਾਂ ਵਿਚ ਮੋਬਾਈਲ ਫੋਨ ਵਾਂਗ ਰੀਚਾਰਜ਼ ਕਰਨ 'ਤੇ ਹੀ ਬਿਜਲੀ ਆਵੇਂਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਇਸੇਤਰਾਂ ਬੀਜ਼ ਬਿੱਲ ਰਾਹੀਂ ਜੈਨੇਟਿਕ ਤਕਨੀਕ ਰਾਹੀਂ ਛੋਟੇ ਕਿਸਾਨਾਂ ਦੇ ਕੰਮਕਾਜ ਬੰਦ ਹੋ ਜਾਣਗੇ | ਬੀਜਾਂ ਦੇ ਕਾਰੋਬਾਰ ਤੇ ਕਾਰਪੋਰੇਟ ਘਰਾਣਿਆਂ ਦਾ ਪੂਰੀ ਤਰਾਂ ਕਬਜ਼ਾ ਹੋ ਜਾਵੇਗਾ, ਜਿਸ ਨਾਲ ਕਾਰਪੋਰੇਟ ਘਰਾਣਿਆਂ ਵਲੋਂ ਖੇਤੀ ਖੇਤਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਜਾਵੇਗਾ | ਉਨ੍ਹਾਂ ਨੇ ਮਜਦੂਰ ਵਿਰੋਧੀ ਬਿੱਲਾ ਦੇ ਖਰੜੇ ਰੱਦ ਕਰਨ, ਅਮਰੀਕਾ ਵਰਗੇ ਦੇਸ਼ਾਂ ਨਾਲ ਕੀਤੇ ਜਾ ਰਹੇ ਵਪਾਰ ਮੁਕਤ ਸਮਝੌਤਿਆਂ ਵਿਚੋਂ ਖੇਤੀਬਾੜੀ ਨੂੰ ਬਾਹਰ ਰੱਖਣ, ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਵਿਰੁੱਧ ਪੰਜਾਬ ਸਰਕਾਰ ਵਲੋਂ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਇਨ੍ਹਾਂ ਬਿੱਲਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਤਾਂ ਸੰਘਰਸ਼ ਨੰੂ ਹੋਰ ਤੇਜ਼ ਕਰ ਦਿੱਤਾ ਜਾਵੇਗਾ | ਇਸ ਮੌਕੇ ਕੁਲਦੀਪ ਸਿੰਘ ਸਾਂਘਣਾ, ਧਿਆਨ ਸਿੰਘ, ਭੁਪਿੰਦਰ ਸਿੰਘ, ਸਾਹਬ ਸਿੰਘ, ਬਲਵਿੰਦਰ ਸਿੰਘ ਮੂਸੇ, ਗੁਰਬਿੰਦਰ ਸਿੰਘ ਸੋਹਲ, ਸੁਰਿੰਦਰ ਸਿੰਘ ਬਿੱਲਾ, ਜਗਜੀਤ ਸਿੰਘ ਮੰਨਣ ਸਮੇਤ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ |