ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਲਈ ਰਿਟਰਨਿੰਗ ਅਧਿਕਾਰੀ ਵਲੋਂ 554 ਬੂਥ ਬਣਾਏ ਗਏ ਹਨ | ਜ਼ਿਲ੍ਹੇ ਵਿਚ ਹੁਣ 7 ਜ਼ਿਲ੍ਹਾ ਪ੍ਰੀਸ਼ਦ ਅਤੇ 67 ਬਲਾਕ ਸੰਮਤੀਆਂ ਦੇ ਮੈਂਬਰ ਚੁਣਨ ਲਈ ਚੋਣ ਕੀਤੀ ਜਾਵੇਗੀ | ਰਿਟਰਨਿੰਗ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਕੁੱਲ 20 ਜ਼ਿਲ੍ਹਾ ਪ੍ਰੀਸ਼ਦ, 165 ਬਲਾਕ ਸੰਮਤੀਆਂ ਦੇ ਮੈਂਬਰਾਂ ਲਈ ਚੋਣ ਹੋਣੀ ਸੀ | ਇਸ ਸੰਬੰਧ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਲੈ ਕੇ ਨਾਮਜ਼ਦਗੀ ਪੱਤਰ ਦੀ ਵਾਪਸੀ ਉਪਰੰਤ ਬਲਾਕ ਸੰਮਤੀ ਲਈ 67 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 7 ਥਾਵਾਂ 'ਤੇ ਚੋਣ ਹੋਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 20 ਸੀਟਾਂ ਵਿਚੋਂ 12 ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਪ੍ਰਾਪਤ ਕਰ ਗਏ ਸਨ, ਜਦਕਿ ਖਡੂਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ 'ਤੇ ਸਾਰੇ ਹੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਇਹ ਚੋਣ ਅੱਗੇ ਪਾ ਦਿੱਤੀ ਗਈ ਹੈ | ਬਾਕੀ ਰਹਿ ਗਏ 7 ਥਾਵਾਂ 'ਤੇ ਚੋਣ ਹੋਵੇਗੀ | ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਦੀਆਂ 165 ਸੀਟਾਂ ਵਿਚੋਂ 98 ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਪ੍ਰਾਪਤ ਕਰ ਚੁੱਕੇ ਹਨ ਅਤੇ ਹੁਣ 67 ਬਲਾਕ ਸੰਮਤੀਆਂ 'ਤੇ ਚੋਣ ਹੋਵੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਕੁੱਲ 554 ਬੂਥ ਬਣਾਏ ਗਏ ਹਨ ਅਤੇ ਇਸ ਸੰਬੰਧ ਵਿਚ ਚੋਣ ਅਮਲੇ ਨੂੰ ਟੇ੍ਰਨਿੰਗ ਵੀ ਦਿੱਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਉਕਤ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਇਲਾਕਿਆਂ ਵਿਚ ਚੋਣ ਹੋਵੇਗੀ |