ਪੱਟੀ, 3 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)ਪਿਛਲੇ 10 ਸਾਲਾਂ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਆਰਥਿਕ ਤੇ ਵਿਕਾਸ ਪੱਖੋਂ ਨੁਕਸਾਨ ਕੀਤਾ ਹੈ ਤੇ ਅਕਾਲੀ ਦਲ ਹੀ ਪੰਜਾਬ ਦਾ ਵਿਕਾਸ ਕਰਨ ਦੇ ਸਮਰੱਥ ਹੈ ਅਤੇ ਪੰਜਾਬ ਦੀ ਰਖਵਾਲੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਟੀ ਵਿਖੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅੰਦਰ ਉਤਾਰੇ ਗਏ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੱਟੀ ਵਿਖੇ ਇਕ ਰੈਸਟੋਰੈਂਟ ਵਿਚ ਰੱਖੀ ਅਕਾਲੀ ਵਰਕਰਾਂ ਦੀ ਮੀਟਿੰਗ ਵਿੱਚ ਪਹੁੰਚੇ | ਇਸ ਫੇਰੀ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਾਲ ਤਖ਼ਤ ਸਾਹਿਬ ਤੋਂ 10 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢੇ ਗਏ ਅਕਾਲੀ ਆਗੂ ਪ੍ਰੋ. ਵਿਰਸਾ ਸਿੰਘ ਵਲਟੋਹਾ ਵੀ ਮੌਜੂਦ ਸਨ | ਵਰਨਣਯੋਗ ਹੈ ਕਿ ਪਹਿਲੀ ਵਾਰ ਹੋਇਆ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਕਰੀਬੀ ਰਿਸ਼ਤੇਦਾਰ ਆਦੇਸ਼ ਪ੍ਰਤਾਪ ਕੈਰੋਂ ਦੇ ਜੱਦੀ ਪੁਸ਼ਤੀ ਹਲਕੇ ਪੱਟੀ ਵਿਖੇ ਸਿਆਸੀ ਗਤੀਵਿਧੀ ਕਰਨ ਲਈ ਆਏ ਹਨ | ਪੱਟੀ ਅੰਦਰ ਅਕਾਲੀ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਖੁਦ ਹੀ ਪੱਟੀ ਹਲਕੇ ਦੇ ਸਰਪੰਚ, ਬਲਾਕ ਸੰਮਤੀ ਮੈਂਬਰ ਤੇ ਵਿਧਾਇਕੇ ਹੋਣਗੇ | ਤੁਹਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀ, ਮੈਂ ਹਰ ਵਕਤ ਆਪਣੇ ਵਰਕਰਾਂ ਦੇ ਨਾਲ ਖੜਾ ਹਾਂ | ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਨ ਨਾਲ ਜਿੱਤੇਗਾ | ਜਦੋਂ ਮੀਡੀਆ ਵਲੋਂ ਪੱਟੀ ਹਲਕੇ ਦੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਕਾਲੀ ਦਲ ਵਿਚ ਘਰ ਵਾਪਸੀ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਤਾਂ ਸ. ਬਾਦਲ ਨੇ ਮੀਡੀਆ ਨੂੰ ਕੋਈ ਪ੍ਰਤੀਕਰਮ ਨਹੀਂ ਦਿੱਤਾ ਅਤੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਪਾਸਾ ਵੱਟ ਲਿਆ | ਸੁਖਬੀਰ ਸਿੰਘ ਬਾਦਲ ਦੀ ਪੱਟੀ ਫੇਰੀ ਮੌਕੇ ਸਾਬਕਾ ਕੌਂਸਲਰ ਕੰਵਲਪ੍ਰੀਤ ਸਿੰਘ ਗਿੱਲ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ, ਸਾਬਕਾ ਸਰਪੰਚ ਰਜਿੰਦਰ ਸਿੰਘ ਸਭਰਾ, ਸੁਰਜੀਤ ਸਿੰਘ ਬੱਬੀ ਸਭਰਾ, ਸਿੰਗਾਰ ਸਿੰਘ ਸਭਰਾ, ਜਗਦੀਪ ਸਿੰਘ ਜੱਗਾ ਸੰਧੂ, ਹਰਬੀਰ ਸਿੰਘ ਧਾਲੀਵਾਲ, ਗੁਰਨਾਮ ਸਿੰਘ, ਨਿਸ਼ਾਨ ਸਿੰਘ, ਮਨਜੀਤ ਸਿੰਘ ਅਤੇ ਵੱਖਵੱਖ ਜ਼ੋਨਾਂ 'ਤੇ ਉਤਾਰੇ ਗਏ ਉਮੀਦਵਾਰ ਹਾਜ਼ਰ ਸਨ | ਇਸ ਉਪਰੰਤ ਸੁਖਬੀਰ ਸਿੰਘ ਬਾਦਲ ਆਪਣੇ ਸਮਰਥਕਾਂ ਨਾਲ ਬੀ.ਡੀ.ਪੀ.ਓ. ਦਫ਼ਤਰ ਪੱਟੀ ਵਿਖੇ ਪਹੁੰਚੇ ਅਤੇ ਦਫ਼ਤਰ ਵਿਖੇ ਹਾਜ਼ਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਿਨਾਂ ਪ੍ਰੈਸ ਕਾਨਫਰੰਸ ਕੀਤਿਆਂ ਹੀ ਵਾਪਸ ਚਲੇ ਗਏ |
ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਉਣ ਲਈ ਸੁਖਬੀਰ ਸਿੰਘ ਬਾਦਲ ਪੱਟੀ ਪਹੁੰਚੇ <br/>
ਪੱਟੀ ਵਿਖੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ, ਬੀ.ਡੀ.ਪੀ.ਓ. ਦਫ਼ਤਰ ਪੱਟੀ ਵਿਖੇ ਜਾਣਕਾਰੀ ਦਿੰਦੇ ਹੋਏ ਕੰਵਲਪ੍ਰੀਤ ਸਿੰਘ ਗਿੱਲ ਜਗਦੀਪ ਸਿੰਘ ਜੱਗਾ ਸੰਧੂ | ਤਸਵੀਰਾਂ: ਕਾਲੇਕ<br/>
04-12-2025