15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੀਂਹ ਕਾਰਨ ਦੋ ਪਿੰਡਾਂ 'ਚ ਘਰਾਂ ਦੀਆਂ ਛੱਤਾਂ ਡਿੱਗੀਆਂ

ਅਜੀਤ ਡੈਸਕ 03-09-2025
ਅਬੋਹਰ, 2 ਸਤੰਬਰ (ਵਿਵੇਕ ਹੂੜੀਆ)-ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਲੋਕਾਂ ਲਈ ਮੁਸੀਬਤਾਂ ਲੈ ਕੇ ਆਈ ਹੈ | ਜਿਸ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਲਗਾਤਾਰ ਡਿਗ ਰਹੀਆਂ ਹਨ | ਜਿਸ ਕਾਰਨ ਬੀਤੀ ਰਾਤ ਬੱਲੂਆਣਾ ਹਲਕੇ ਦੇ ਦੋ ਪਿੰਡਾਂ ਵਿਚ ਗ਼ਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿਗ ਗਈਆਂ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ | ਜਿਸ ਕਾਰਨ ਉਹ ਲੋਕ ਹੁਣ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਬਹਾਦਰ ਖੇੜਾ ਦੇ ਵਸਨੀਕ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ | ਉਸ ਦੇ ਪਰਿਵਾਰ ਵਿਚ ਉਹ, ਉਸ ਦੇ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ ਹਨ | ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਉਸ ਦੇ ਇੱਕ ਕਮਰੇ ਦੀ ਛੱਤ ਲਗਭਗ 10 ਦਿਨ ਪਹਿਲਾਂ ਡਿਗ ਗਈ ਸੀ, ਜਦੋਂ ਕਿ ਕੱਲ੍ਹ ਦੂਜੇ ਕਮਰੇ ਦੀ ਛੱਤ ਫਿਰ ਡਿਗ ਗਈ | ਹੁਣ ਉਸ ਕੋਲ ਸਿਰਫ਼ ਇੱਕ ਕਮਰਾ ਹੈ ਅਤੇ ਇਸ ਦੇ ਛੱਤ ਵਿਚ ਵੀ ਵੱਡੀਆਂ ਤਰੇੜਾਂ ਹਨ ਜੋ ਕਿਸੇ ਵੀ ਸਮੇਂ ਡਿਗ ਸਕਦੀ ਹੈ | ਇਸ ਲਈ ਸਾਵਧਾਨੀ ਵਜੋਂ ਉਸ ਨੇ ਕਮਰੇ ਵਿਚੋਂ ਆਪਣਾ ਘਰੇਲੂ ਸਮਾਨ ਕੱਢ ਲਿਆ ਹੈ ਅਤੇ ਉਹ ਖ਼ੁਦ ਤਰਪਾਲ ਪਾ ਕੇ ਵਿਹੜੇ ਵਿਚ ਸੌਣ ਲਈ ਮਜਬੂਰ ਹੈ | ਉਸ ਨੇ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਜਲਦੀ ਹੀ ਮੁਆਵਜ਼ਾ ਜਾਰੀ ਕੀਤਾ ਜਾਵੇ ਤਾਂ ਜੋ ਉਹ ਇੱਕ ਕਮਰੇ ਦੀ ਛੱਤ ਦੁਬਾਰਾ ਬਣਾ ਸਕੇ ਅਤੇ ਉਸ ਵਿਚ ਰਹਿ ਸਕੇ | ਇਸੇ ਤਰ੍ਹਾਂ ਪਿੰਡ ਚੱਕ ਢਾਬਾ ਕੋਕਰੀਆਂ ਦੇ ਵਸਨੀਕ ਸਰਬਜੀਤ ਪੁੱਤਰ ਬਲਵੰਤ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀਆਂ ਛੱਤਾਂ ਮਿੱਟੀ ਦੀਆਂ ਬਣੀਆਂ ਹੋਈਆਂ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਬਹੁਤ ਕਮਜ਼ੋਰ ਹੋ ਗਈਆਂ ਹਨ | ਬੀਤੀ ਰਾਤ ਜਦੋਂ ਪੂਰਾ ਪਰਿਵਾਰ ਵਿਹੜੇ ਵਿਚ ਸੁੱਤਾ ਪਿਆ ਸੀ ਤਾਂ ਉਨ੍ਹਾਂ ਦੇ ਕਮਰੇ ਦੀ ਛੱਤ ਡਿਗ ਗਈ, ਜਿਸ ਕਾਰਨ ਉਨ੍ਹਾਂ ਦਾ ਸਾਰਾ ਘਰੇਲੂ ਸਾਮਾਨ ਮਲਬੇ ਹੇਠ ਦੱਬ ਜਾਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ |
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਹਲਕਾ ਬੱਲੂਆਣਾ ਦੇ ਮੀਂਹ ਪ੍ਰਭਾਵਿਤ ਪਿੰਡਾਂ 'ਚ ਵੰਡਿਆ ਰਾਸ਼ਨ ਅਗਲੀ ਖ਼ਬਰ ਐੱਸ.ਡੀ.ਐਮ. ਜਲਾਲਾਬਾਦ ਨੇ ਅਧਿਕਾਰੀਆਂ ਨੂੰ ਨਾਲ ਲੈ ਨੇੜੇ ਬੱਸ ਸਟੈਂਡ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।