ਫ਼ਤਹਿਗੜ੍ਹ ਚੂੜੀਆਂ, 24 ਨਵੰਬਰ (ਅਵਤਾਰ ਸਿੰਘ ਰੰਧਾਵਾ)-ਮਾਲੇਵਾਲ ਪੁਲ ਲਿੰਕ ਨਹਿਰ ਤੋਂ ਪਿੰਡ ਟਾਹਲੀ ਅਤੇ ਖੂਸਰ ਦੀਆਂ ਜ਼ਮੀਨਾਂ ਨਾਲ ਸੰਬੰਧਿਤ ਘਟੀਆ ਮਟੀਰੀਅਲ ਨਾਲ ਸੰਬੰਧਿਤ ਠੇਕੇਦਾਰ ਵਲੋਂ ਬਣਾਏ ਜਾ ਰਹੇ ਖਾਲ ਤੋਂ ਸੰਬੰਧਿਤ ਕਿਸਾਨ ਲੋਕ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਸੰਬੰਧਤ ਠੇਕੇਦਾਰ ਵਲੋਂ ਪਿੱਲੀਆਂ ਘਟੀਆ ਕਿਸਮ ਦੀਆਂ ਇੱਟਾਂ, ਰੇਤਾ ਤੇ ਹੋਰ ਸਾਮਾਨ ਸ਼ਰੇਆਮ ਫ਼ਤਹਿਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਰੱਖ ਕੇ ਵਰਤਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਵਾਂ ਬਣਾਇਆ ਗਿਆ ਖਾਲ ਜਗ੍ਹਾ-ਜਗ੍ਹਾ ਤੋਂ ਲੀਕ ਕਰ ਰਿਹਾ ਹੈ ਜਦ ਕਿ ਇਸ ਤੋਂ ਅੱਗੇ ਜਾਣ ਵਾਲਾ ਖਾਲ ਵੀ ਇਸੇ ਤਰ੍ਹਾਂ ਹੀ ਘਟੀਆ ਮਟੀਰੀਅਲ ਦੇ ਨਾਲ ਸਿਰੇ ਚੜ੍ਹਾਇਆ ਜਾ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਠੇਕੇਦਾਰ ਵਲੋਂ ਘਟੀਆ ਕਿਸਮ ਦਾ ਬਣਾਇਆ ਜਾ ਰਿਹਾ ਖਾਲ ਮਿਲੀਭੁਗਤ ਨਾਲ ਪਾਸ ਤਾਂ ਕਰਵਾ ਲਿਆ ਜਾਵੇਗਾ ਪਰ ਅਗਲੇ ਦਿਨਾਂ ਤੱਕ ਘਟੀਆ ਬਣਾਇਆ ਜਾ ਰਿਹਾ ਖਾਲ ਬਿਖਰ ਜਾਣ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਆ ਸਕਦੀ ਹੈ ਤੇ ਮੁੜ ਉਨ੍ਹਾਂ ਦੀ ਸੁਣਵਾਈ ਨਹੀਂ ਹੋਵੇਗੀ | ਸੰਬੰਧਿਤ ਲੋਕਾਂ ਨੇ ਇਹ ਵੀ ਦੱਸਿਆ ਕਿ ਜਦੋਂ ਖਾਲ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਠੇਕੇਦਾਰ ਵਲੋਂ ਬਹੁਤ ਘਟੀਆ ਸਾਮਾਨ ਲਿਆਂਦਾ ਗਿਆ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕਰ ਕੇ ਉਹ ਸਾਮਾਨ ਵਾਪਸ ਕਰਵਾ ਦਿੱਤਾ ਸੀ, ਪਰ ਥੋੜ੍ਹਾ ਜਿਹਾ ਕੰਮ ਸਹੀ ਕਰ ਕੇ ਮੁੜ ਦੁਬਾਰਾ ਘਟੀਆ ਸਾਮਾਨ ਦੇ ਨਾਲ ਖਾਲ ਦੇ ਕੰਮ ਨੂੰ ਨਿਰੰਤਰ ਅੱਗੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਵੀ ਉਹ ਠੇਕੇਦਾਰ ਨੂੰ ਬਹੁਤ ਵਾਰ ਘਟੀਆ ਸਾਮਾਨ ਵਰਤਣ ਤੋਂ ਗੁਰੇਜ ਕਰਨ ਲਈ ਕਹਿ ਚੁੱਕੇ ਹਨ ਪਰ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ | ਉਸ ਨੇ ਆਪਣੀ ਮਨਮਰਜ਼ੀ ਨਾਲ ਬਾਰ-ਬਾਰ ਰੁਕਾਵਟਾਂ ਪੈਣ ਦੇ ਬਾਵਜੂਦ ਵੀ ਕੰਮ ਚਲਾਉਂਦੇ ਹੋਏ ਘਟੀਆ ਖਾਲ ਨੂੰ ਸਿਰੇ ਚੜ੍ਹਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਕਿਸਾਨਾਂ ਨੇ ਕਿਹਾ ਕਿ ਸਬੰਧਤ ਵਿਭਾਗ ਇਸ ਖਾਲ ਲਈ ਵਰਤੇ ਜਾਣ ਵਾਲੇ ਘਟੀਆ ਸਾਮਾਨ ਦੀ ਫੌਰਨ ਜਾਂਚ ਕਰੇ ਤੇ ਸਰਕਾਰੀ ਤੌਰ 'ਤੇ ਪੈਸਿਆਂ ਦੇ ਵੱਡੇ ਬਜਟ ਨੂੰ ਲੱਗ ਰਹੇ ਚੂਨੇ ਨੂੰ ਦੇਖਦੇ ਹੋਏ ਢੁਕਵੀਂ ਕਾਰਵਾਈ ਕਰੇ | ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਉਹ ਆਵਾਜ਼ ਉਠਾਉਣ ਲਈ ਮਜਬੂਰ ਹੋਣਗੇ | ਉਪਰੰਤ ਜਦੋਂ ਕਿਸਾਨਾਂ ਕੋਲੋਂ ਠੇਕੇਦਾਰ ਦਾ ਮੋਬਾਈਲ ਨੰਬਰ ਲੈ ਕੇ ਪੱਖ ਸੁਣਨ ਲਈ ਗੱਲਬਾਤ ਕਰਨੀ ਚਾਹੀ ਤਾਂ ਅੱਗੋਂ ਆਵਾਜ਼ ਆਈ ਕਿ ਮੈਂ ਠੇਕੇਦਾਰ ਨਹੀਂ ਹਾਂ ਉਸ ਦਾ ਭਰਾ ਬੋਲਦਾ ਹਾਂ, ਠੇਕੇਦਾਰ ਕਿਸੇ ਧਾਰਮਿਕ ਸਮਾਗਮ ਉੱਪਰ ਗਿਆ ਹੋਇਆ ਹੈ, ਜਦੋਂ ਵਾਪਸ ਆਵੇਗਾ ਤਾਂ ਗੱਲ ਕਰਵਾ ਦੇਵਾਂਗੇ | ਉਪਰੰਤ ਉਸ ਦੇ ਫ਼ੋਨ ਉੱਪਰ ਮੈਸੇਜ ਪਾਇਆ ਗਿਆ ਕਿ ਉਕਤ ਖਾਲ ਦੇ ਚੱਲ ਰਹੇ ਕੰਮ ਸੰਬੰਧੀ ਆਪਣੀ ਗੱਲ ਕੀਤੀ ਜਾਵੇ ਪਰ ਠੇਕੇਦਾਰ ਪੂਰੀ ਤਰ੍ਹਾਂ ਬੇਫ਼ਿਕਰ ਹੈ, ਉਸ ਨੇ ਉਕਤ ਖਾਲ ਸੰਬੰਧੀ ਖ਼ਬਰ ਲਿਖਣ ਤੱਕ ਕੋਈ ਵੀ ਗੱਲ ਕਰਨੀ ਸਹੀ ਨਹੀਂ ਸਮਝੀ |