30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ਼ਹੀਦੀ ਸਭਾ ਦੌਰਾਨ ਸਿਹਤ ਵਿਭਾਗ ਨੇ 47610 ਮਰੀਜ਼ਾਂ ਨੂੰ ਦਿੱਤੀਆਂ ਸਿਹਤ ਸੇਵਾਵਾਂ- ਸਿਵਲ ਸਰਜਨ

ਅਜੀਤ ਡੈਸਕ 30-12-2025
ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸ਼ਹੀਦੀ ਸਭਾ 'ਤੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ 25 ਤੋਂ 28 ਦਸੰਬਰ ਤੱਕ 24 ਘੰਟੇ ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਸਭਾ ਦੇ ਖੇਤਰ ਵਿਚ ਸਿਹਤ ਵਿਭਾਗ ਵਲੋਂ 7 ਆਰਜ਼ੀ ਡਿਸਪੈਂਸਰੀਆਂ ਤੇ ਸਿਹਤ ਮੰਤਰੀ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ 20 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ | ਇਸ ਤਰ੍ਹਾਂ ਤਾਇਨਾਤ ਕੀਤੀਆਂ 58 ਐਂਬੂਲੈਂਸਾਂ ਸਮੇਤ ਸ਼ਹੀਦੀ ਸਭਾ ਦੌਰਾਨ 47610 ਮਰੀਜ਼ਾਂ ਦੀ ਓ.ਪੀ.ਡੀ. ਹੋਈ, 646 ਮਰੀਜ਼ਾਂ ਦੇ ਬਲੱਡ ਟੈਸਟ ਅਤੇ 395 ਸ਼ੂਗਰ ਟੈਸਟ ਕੀਤੇ ਗਏ ਅਤੇ ਮੈਗਾ ਖ਼ੂਨਦਾਨ ਕੈਂਪ ਦੌਰਾਨ ਬਲੱਡ ਬੈਂਕ ਦੇ ਇੰਚਾਰਜ ਡਾ. ਪ੍ਰਵੀਨ ਕੌਰ ਵਲੋਂ 464 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਐੱਸ.ਐੱਮ.ਓ. ਡਾ. ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿਚ 545 ਮਰੀਜ਼ਾਂ ਦੀ ਓ.ਪੀ.ਡੀ. ਕੀਤੀ ਗਈ ਅਤੇ ਸਭਾ ਦੇ ਖੇਤਰ 'ਚੋਂ ਰੈਫ਼ਰ ਹੋ ਕੇ ਐਂਬੂਲੈਂਸਾਂ ਦੁਆਰਾ 448 ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 23 ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਵੱਡੇ ਹਸਪਤਾਲਾਂ ਵਿਚ ਰੈਫ਼ਰ ਕੀਤਾ ਗਿਆ | ਮੁਖ ਸ਼ਹੀਦੀ ਸਭਾ ਅਫ਼ਸਰ-ਕਮ-ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ ਬੀ.ਪੀ. ਤੇ ਸ਼ੂਗਰ ਵਧਣ, ਬੇਹੋਸ਼ੀ, ਘਬਰਾਹਟ, ਪੇਟ ਦੀਆਂ ਤਕਲੀਫ਼ਾਂ ਅਤੇ ਸਰੀਰ ਦਰਦ ਨਾਲ ਸੰਬੰਧਿਤ ਪਾਏ ਗਏ | ਇਨ੍ਹਾਂ ਸਾਰੇ ਮਰੀਜ਼ਾਂ ਨੂੰ ਲੋੜੀਂਦੀਆਂ ਸਾਰੀਆਂ ਦਵਾਈਆਂ ਤੁਰੰਤ ਮੁਫ਼ਤ ਦਿੱਤੀਆਂ ਗਈਆਂ | ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਸਹਾਇਕ ਸ਼ਹੀਦੀ ਸਭਾ ਅਫ਼ਸਰ ਡਾ. ਰਾਜੇਸ਼ ਕੁਮਾਰ ਅਤੇ ਡਾ. ਸਰਿਤਾ ਨੇ ਦੱਸਿਆ ਕਿ ਡਿਸਪੈਂਸਰੀਆਂ ਵਿਚ ਦਵਾਈਆਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਗਈ ਅਤੇ ਨਾ ਹੀ ਕਿਸੇ ਥਾਂ 'ਤੇ ਮੈਨ ਪਾਵਰ ਦੀ ਘਾਟ ਪਾਈ ਗਈ |
ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਤੇ ਸਹਿਯੋਗੀ ਸਟਾਫ਼ ਵਲੋਂ ਸੇਵਾਵਾਂ ਦੀ ਲਗਾਤਾਰ ਸੁਪਰਵਿਜ਼ਨ ਕੀਤੀ ਗਈ ਅਤੇ ਲੋੜੀਂਦੀਆਂ ਦਵਾਈਆਂ ਵੀ ਸਪੈਸ਼ਲ ਵਹੀਕਲਾਂ ਦੁਆਰਾ ਤੁਰੰਤ ਪਹੁੰਚਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਸਿਹਤ ਸਹੂਲਤਾਂ, ਸਿਹਤ ਸਕੀਮਾਂ ਅਤੇ ਬਿਮਾਰੀਆਂ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਸੰਗਤਾਂ ਨੇ ਭਰਪੂਰ ਫ਼ਾਇਦਾ ਉਠਾਇਆ | ਉਨ੍ਹਾਂ ਸਭਾ ਦੌਰਾਨ ਡਿਊਟੀਆਂ ਨਿਭਾਉਣ ਵਾਲੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਵਸ 3 ਨੂੰ ਮਨਾਇਆ ਜਾਵੇਗਾ ਅਗਲੀ ਖ਼ਬਰ ਹੀਨਾ ਕਾਵਰੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।