ਫ਼ਤਹਿਗੜ੍ਹ ਸਾਹਿਬ-ਟਕਸਾਲੀ ਅਕਾਲੀ ਆਗੂ ਜਥੇਦਾਰ ਸੁੱਚਾ ਸਿੰਘ ਰੰਧਾਵਾ ਦਾ ਜਨਮ ਪਿਤਾ ਇੰਦਰ ਸਿੰਘ ਦੇ ਘਰ ਮਾਤਾ ਪ੍ਰਸਿੰਨ ਕੌਰ ਦੀ ਕੁੱਖੋਂ 1932 ਵਿਚ ਪਿੰਡ ਰੰਧਾਵਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ | ਉਨ੍ਹਾਂ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਧੰਦਾ ਅਪਨਾਇਆ, ਭਾਵੇਂ ਸੱੁਚਾ ਸਿੰਘ ਰੰਧਾਵਾ ਬਹੁਤੇ ਪੜ੍ਹੇ ਲਿਖੇ ਨਹੀਂ ਸਨ, ਪਰ ਉਹ ਸਿਆਸੀ ਤੌਰ 'ਤੇ ਚੰਗੀ ਸੂਝ-ਬੂਝ ਰੱਖਦੇ ਸਨ | ਜਥੇਦਾਰ ਸੁੱਚਾ ਸਿੰਘ ਨੇ ਪੂਰਾ ਜੀਵਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਕਿਰਪਾਲ ਸਿੰਘ ਲਿਬੜਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਪੰਥਕ ਸੇਵਾਵਾਂ ਨਿਭਾਉਂਦਿਆਂ ਗੁਜ਼ਾਰਿਆ | ਆਪ ਜੀ ਪਿੰਡ ਰੰਧਾਵਾ ਦੇ 2 ਵਾਰ ਸਰਪੰਚ ਰਹੇ ਤੇ ਲੈਂਡਮਾਰਗੇਜ਼ ਬੈਂਕ ਦੇ ਡਾਇਰੈਕਟਰ ਤੇ ਉਪ ਚੇਅਰਮੈਨ ਵੀ ਰਹੇ | ਆਪ ਦਾ ਵਿਆਹ ਪਿੰਡ ਭਦਲਥੂਹਾ ਦੇ ਵਸਨੀਕ ਮਿਹਰ ਸਿੰਘ ਦੀ ਸਪੁੱਤਰੀ ਸੁਰਜੀਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਤਿੰਨ ਸਪੁੱਤਰਾਂ ਦਰਸ਼ਨ ਸਿੰਘ, ਦਰਬਾਰਾ ਸਿੰਘ ਤੇ ਜਸਵੀਰ ਸਿੰਘ ਅਤੇ 2 ਪੁੱਤਰੀਆਂ ਸਵਰਨ ਕੌਰ ਤੇ ਬੇਅੰਤ ਕੌਰ ਨੇ ਜਨਮ ਲਿਆ | ਉਨ੍ਹਾਂ ਆਪਣੀਆਂ ਸਮਾਜਿਕ ਤੇ ਰਾਜਸੀ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦਿਆਂ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿੱਤੀ | ਜਿਸ ਸਦਕਾ ਉਨ੍ਹਾਂ ਦੇ ਬੇਟੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ | ਵਿਚਕਾਰਲੇ ਸਪੁੱਤਰ ਦਰਬਾਰਾ ਸਿੰਘ ਰੰਧਾਵਾ ਰਾਈਸ ਮਿੱਲਜ਼ ਸਰਹਿੰਦ, ਰੰਧਾਵਾ ਐਗਰੋ ਮਿੱਲਜ਼ ਲਟੌਰ ਤੇ ਐੱਸ.ਡੀ. ਫੂਡਜ਼ ਰਾਜਪੁਰਾ ਦੇ ਐੱਮ. ਡੀ. ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਲਈ ਸਰਗਰਮੀ ਨਾਲ ਸੇਵਾਵਾਂ ਨਿਭਾਅ ਰਹੇ ਹਨ | ਸੁੱਚਾ ਸਿੰਘ ਰੰਧਾਵਾ 29 ਨਵੰਬਰ ਨੂੰ ਆਪਣੇ ਪਿੱਛੇ ਹੱਸਦਾ ਵੱਸਦਾ ਵੱਡਾ ਪਰਿਵਾਰ ਛੱਡ ਕੇ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 9 ਦਸੰਬਰ 2025 ਦਿਨ ਮੰਗਲਵਾਰ ਦੁਪਹਿਰ 12:00 ਤੋਂ 1:30 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਰੰਧਾਵਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਹੋਵੇਗੀ | -ਬਲਜਿੰਦਰ ਸਿੰਘ