ਫ਼ਤਹਿਗੜ੍ਹ ਸਾਹਿਬ, 8 ਦਸੰਬਰ (ਬਲਜਿੰਦਰ ਸਿੰਘ)-ਕਰਮਚਾਰੀ ਦਲ ਪੰਜਾਬ ਭਗੜਾਣਾ ਦੀ ਮੀਟਿੰਗ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਵਿਚ ਹੋਈ, ਜਿਸ ਵਿਚ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ, ਜਿਵੇਂ ਆਊਟਸੋਰਸਿਜ਼ ਕਾਮੇ, ਠੇਕਾ ਆਧਾਰਿਤ ਅਤੇ ਇਨਲਿਸਟਮੈਂਟ ਕਾਮਿਆਂ ਨੂੰ ਰੈਗੂਲਰ ਕਰਨਾ, ਸਮੂਹ ਮੁਲਾਜ਼ਮਾਂ ਦਾ 16 ਫ਼ੀਸਦੀ ਬਕਾਇਆ ਡੀ.ਏ ਦੇਣਾ, ਮੁਲਾਜ਼ਮਾਂ ਦਾ 2016 ਤੋਂ ਬਣਦਾ ਬਕਾਇਆ, ਪੈਨਸ਼ਨਰਾਂ ਦਾ ਹੁਣ ਤੱਕ ਦਾ ਬਣਦਾ ਬਕਾਇਆ ਤੇ ਡੀ.ਏ ਦੇਣਾ, 2004 ਤੋਂ ਬਾਅਦ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਆਦਿ ਮੰਗਾਂ ਤੁਰੰਤ ਪ੍ਰਵਾਨ ਕਰਕੇ ਲਾਗੂ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ | ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਅਤੇ ਸਕੱਤਰ ਜਨਰਲ ਸੁਸ਼ੀਲ ਚੋਪੜਾ ਨੇ ਕਿਹਾ ਕਿ ਮੌਜੂਦਾ 'ਆਪ' ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਬਿਲਕੁਲ ਨਿਕੰਮੀ ਸਾਬਤ ਹੋਈ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਰਕਾਰ ਬਣਨ ਤੋਂ ਪਹਿਲਾਂ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ | ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਟਾਲ-ਮਟੋਲ ਵਾਲਾ ਰਵੱਈਆ ਨਾ ਛੱਡਿਆ ਤਾਂ ਮੁਲਾਜ਼ਮ ਵਰਗ ਇਸ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣ 'ਚ ਆਪਣਾ ਯੋਗਦਾਨ ਪਾਵੇਗਾ | ਇਸ ਮੌਕੇ ਸੁਸ਼ੀਲ ਚੋਪੜਾ ਸਕੱਤਰ ਜਨਰਲ, ਉਜਾਗਰ ਸਿੰਘ ਦੁਭਾਲੀ ਸੂਬਾ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਰੈਲੋਂ, ਗੁਰਬਚਨ ਸਿੰਘ ਬੇਲੀ ਜ਼ਿਲ੍ਹਾ ਪ੍ਰਧਾਨ ਰੋਪੜ, ਕੇਸਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਹਾਲੀ, ਅਸ਼ੋਕ ਕੁਮਾਰ ਸੰਘੋਲ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਗੁਰਚਰਨ ਸਿੰਘ, ਪਰਮਜੀਤ ਸਿੰਘ ਰੋਪੜ, ਜਗਤਾਰ ਸਿੰਘ ਧੂਰਕੋਟ, ਪਰਮਿੰਦਰ ਸਿੰਘ ਪ੍ਰਧਾਨ ਰਾਜਪੁਰਾ, ਮਨਜੀਤ ਸਿੰਘ ਜਨਰਲ ਸਕੱਤਰ ਰੋਪੜ ਤੇ ਹੋਰ ਹਾਜ਼ਰ ਸਨ |