ਮੰਡੀ ਗੋਬਿੰਦਗੜ੍ਹ, 3 ਦਸੰਬਰ (ਇਕਬਾਲਦੀਪ ਸੰਧੂ)-ਬੀਤੇ ਦਿਨੀਂ ਜਲੰਧਰ ਵਿਚ ਇਕ ਨਾਬਾਲਗ ਲੜਕੀ ਨਾਲ ਹੋਈ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਦੇ ਵਿਰੋਧ ਵਿਚ ਮੁਹੱਲਾ ਦਸਮੇਸ਼ ਕਾਲੋਨੀ ਦੀਆਂ ਔਰਤਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਇਕ ਕੈਂਡਲ ਮਾਰਚ ਕੱਢਿਆ ਤੇ ਪੀੜਤਾਂ ਨੂੰ ਇਨਸਾਫ਼ ਦੀ ਮੰਗ ਕੀਤੀ | ਇਸ ਕੈਂਡਲ ਮਾਰਚ ਦੀ ਅਗਵਾਈ ਕੌਂਸਲਰ ਅਮਿਤ ਜੈਚੰਦ ਸ਼ਰਮਾ ਲੱਕੀ ਨੇ ਕੀਤੀ | ਮਾਰਚ ਦੌਰਾਨ ਉਨ੍ਹਾਂ ਨਾਅਰੇਬਾਜ਼ੀ ਕੀਤੀ, ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਅਤੇ ਹੱਥਾਂ ਵਿਚ ਮੋਮਬੱਤੀਆਂ ਸਨ, ਜਿਨ੍ਹਾਂ ਵਿਚ ਔਰਤਾਂ ਅਤੇ ਬਜ਼ੁਰਗ ਮਾਵਾਂ ਸਭ ਤੋਂ ਅੱਗੇ ਚੱਲ ਰਹੀਆਂ ਸਨ, ਜਦੋਂਕਿ ਛੋਟੇ ਬੱਚੇ ਵੀ ਮੋਮਬੱਤੀਆਂ ਫੜ ਕੇ ਇਨਸਾਫ਼ ਦੀ ਮੰਗ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਬੇਰਹਿਮੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਾ ਦਿੱਤੀ ਗਈ, ਤਾਂ ਧੀਆਂ ਸਮਾਜ ਵਿਚ ਕਿਵੇਂ ਸੁਰੱਖਿਅਤ ਰਹਿਣਗੀਆਂ? ਉਨ੍ਹਾਂ ਪ੍ਰਸ਼ਾਸਨ ਨੂੰ ਇਸ ਘਿਣਾਉਣੇ ਅਪਰਾਧ ਵਿਰੁੱਧ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੇਣ ਦੀ ਅਪੀਲ ਕੀਤੀ | ਮਾਰਚ ਤੋਂ ਬਾਅਦ ਔਰਤਾਂ ਨੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਪੀੜਤ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ |