ਪਿੰਡ ਪੰਜੋਲੀ ਕਲਾਂ 'ਚ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ
ਪਿੰਡ ਪੰਜੋਲੀ ਕਲਾਂ ਵਿਚ ਨੌਵੇਂ ਪਾਤਿਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਕੀਰਤਨ ਦਰਬਾਰ ਮੌਕੇ ਢਾਡੀ ਜਥੇ ਦਾ ਸਨਮਾਨ ਕਰਦੇ ਹੋਏ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਹੋਰ ਪ੍ਰਬੰਧਕ | ਅਜੀਤ ਤਸਵੀਰ
<br/>
25-11-2025
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ, ਗੁਰਦੁਆਰਾ ਖ਼ਾਲਸਾ ਦਰਬਾਰ, ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਪੰਜੋਲੀ ਕਲਾਂ ਵਲੋਂ ਸਾਂਝੇ ਰੂਪ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਪਿੰਡ ਵਿਚ ਵੱਖ-ਵੱਖ ਸਮਾਗਮ ਉਲੀਕੇ ਗਏ ਸਨ, ਜਿਸ ਦੌਰਾਨ ਖ਼ੂਨਦਾਨ ਕੈਂਪ, ਅੱਖਾਂ ਦਾ ਚੈੱਕਅਪ ਕੈਂਪ, ਨਾਟਕ, ਵਿਸ਼ੇਸ਼ ਸੈਮੀਨਾਰ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਕੀਰਤਨ ਦਰਬਾਰ ਵਿਚ ਭਾਈ ਮਨਜਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾ ਸ਼ਬਦ ਕੀਰਤਨ ਸਰਵਣ ਕਰਵਾਇਆ ਅਤੇ ਪ੍ਰਸਿੱਧ ਪੰਥਕ ਢਾਡੀ ਭਾਈ ਗੁਰਭੇਜ ਸਿੰਘ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ ਨੌਵੇਂ ਪਾਤਸ਼ਾਹ ਜੀ ਦੀ ਲਹੂ ਭਿੱਜੀ ਸ਼ਹਾਦਤ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ | ਸਮਾਗਮ ਦੌਰਾਨ ਜਥੇ. ਕਰਨੈਲ ਸਿੰਘ ਪੰਜੋਲੀ ਤੇ ਹੋਰਨਾਂ ਪ੍ਰਬੰਧਕਾਂ ਵਲੋਂ ਰਾਗੀ, ਢਾਡੀ ਜਥਿਆਂ ਤੋਂ ਇਲਾਵਾ ਹੋਰਨਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਵਿਚ ਸੁਖਦੇਵ ਸਿੰਘ ਨੰਬਰਦਾਰ, ਗਿਆਨ ਸਿੰਘ, ਜਤਿੰਦਰ ਸਿੰਘ ਲਾਡੀ, ਮਲਕੀਤ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਹਰਚੰਦ ਸਿੰਘ, ਹਰਜਿੰਦਰ ਸਿੰਘ ਠੇਕੇਦਾਰ, ਹਰਮੇਲ ਸਿੰਘ ਫ਼ੌਜੀ, ਸਤਨਾਮ ਸਿੰਘ ਬਾਠ, ਅਮਨਪ੍ਰੀਤ ਸਿੰਘ ਅਮਨਾ, ਨਵਪ੍ਰੀਤ ਸਿੰਘ ਨਬੀ, ਪ੍ਰਭਦੀਪ ਸਿੰਘ ਬਾਠ, ਅਮਰ ਸਿੰਘ ਧਾਰੀਵਾਲ, ਹਰਵਿੰਦਰ ਸਿੰਘ ਗੋਲਡੀ, ਜਵਾਲਾ ਸਿੰਘ, ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ |