ਮੁੱਲਾਂਪੁਰ-ਦਾਖਾ, 8 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਪੰਚਾਇਤ ਸੰਮਤੀ ਜ਼ੋਨ ਜਾਂਗਪੁਰ ਅਧੀਨ ਪਿੰਡ ਰੁੜਕਾ, ਪਮਾਲ, ਜਾਂਗਪੁਰ ਲਈ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਅਨੁਸੂਚਿਤ ਜਾਤੀ ਇਸਤਰੀਆਂ ਲਈ ਰਾਖਵੇਂ ਜ਼ੋਨ ਤੋਂ ਆਪਣੀ ਉਮੀਦਵਾਰ ਦਲਜੀਤ ਕੌਰ ਦੇ ਚੋਣ ਨਿਸ਼ਾਨ ਟਾਰਚ ਨੂੰ ਵੋਟ ਦੀ ਅਪੀਲ ਲਈ ਚੋਣ ਮੀਟਿੰਗਾਂ ਨਿਰੰਤਰ ਜਾਰੀ ਹਨ | ਪਿੰਡ ਜਾਂਗਪੁਰ ਵਿਖੇ ਪੰਚਾਇਤ ਸੰਮਤੀ ਉਮੀਦਵਾਰ ਦਲਜੀਤ ਕੌਰ ਨੂੰ ਵੋਟ ਦੀ ਮੰਗ ਕਰਦਿਆਂ ਇਯਾਲੀ ਨੇ ਕਿਹਾ ਕਿ ਪੰਚਾਇਤੀ ਰਾਜ ਦੀ ਮਜ਼ਬੂਤੀ ਲਈ 50 ਫ਼ੀਸਦੀ ਮਹਿਲਾ ਉਮੀਦਵਾਰਾਂ ਨੂੰ ਨੁਮਾਇੰਦਗੀ ਮਿਲੀ, ਜੋ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਚੰਗੇ ਸੰਕਲਪ ਲਈ ਸਾਡੇ ਵਲੋਂ ਵਿਧਾਨ ਸਭਾ ਹਲਕਾ ਦਾਖਾ 'ਚ 25 ਸੰਮਤੀ ਉਮੀਦਵਾਰਾਂ ਲਈ ਟਾਰਚ ਚੋਣ ਨਿਸ਼ਾਨ ਲਿਆ ਗਿਆ ਹੈ | ਟਾਰਚ 'ਤੇ ਮੋਹਰ ਲਗਾ ਕੇ ਆਪਣੇ ਉਮੀਦਵਾਰਾਂ ਨੂੰ ਕਾਮਯਾਬ ਬਣਾਈਏ | ਐੱਮ.ਐੱਲ.ਏ ਇਯਾਲੀ ਨੇ ਕਿਹਾ ਕਿ ਇੰਨ੍ਹਾਂ ਚੋਣਾਂ 'ਚ ਸਾਡੇ ਵੋਟਰਾਂ ਦਾ ਜਿੰਨ੍ਹਾ ਉਤਸ਼ਾਹ ਵਧੇਗਾ, ਓਨਾ ਹੀ 2027 ਦੀ ਆਮ ਚੋਣ ਜਿੱਤਣਾ ਆਪਣੇ ਲਈ ਅਸਾਨ ਬਣੇਗਾ | ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਚੋਣਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ, ਕਿਉਂਕਿ ਇਹ ਸਾਡੀ ਕਾਰਗੁਜ਼ਾਰੀ ਨੂੰ ਫਤਵਾ ਹੋਵੇਗੀ | ਪਿੰਡ ਜਾਂਗਪੁਰ ਵਿਖੇ ਇਯਾਲੀ ਵਲੋਂ ਆਪਣੇ ਸੰਮਤੀ ਉਮੀਦਵਾਰ ਲਈ ਚੋਣ ਮੀਟਿੰਗ ਸਮੇਂ ਪਿੰਡ ਦੀ ਸੀਨੀਅਰ ਲੀਡਰਸ਼ਿਪ ਅਤੇ ਨੌਜਵਾਨ ਵਰਗ ਵਿਚ ਉਤਸ਼ਾਹ ਵੇਖਣ ਵਾਲਾ ਸੀ | ਇਸ ਚੋਣ ਮੀਟਿੰਗ 'ਚ ਐੱਮ.ਐੱਲ.ਏ. ਇਯਾਲੀ ਨੇ ਸਪੱਸ਼ਟ ਕੀਤਾ ਕਿ ਬੂਥ ਪੱਧਰ ਤੱਕ ਜਾਣਕਾਰੀ ਵੰਡੀ ਜਾਵੇ ਕਿ ਇਹ ਚੋਣਾਂ ਅਸੀਂ ਪੰਥਕ ਹਿਤਾਂ ਲਈ ਅਜ਼ਾਦ ਹੈਸੀਅਤ 'ਚ ਲੜ ਰਹੇ ਹਾਂ, ਸਾਡੇ ਉਮੀਦਵਾਰਾਂ ਕੋਲ ਆਜ਼ਾਦ ਵਾਂਗ ਚੋਣ ਨਿਸ਼ਾਨ ਵੀ ਟਰੱਕ ਅਤੇ ਟਾਰਚ ਹੈ |