ਜਗਰਾਉਂ, 4 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਕਾਂਗਰਸ ਪਾਰਟੀ ਵਲੋਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਅਗਵਾਈ ਹੇਠ ਜਗਰਾਉਂ ਵਿਧਾਨ ਸਭਾ ਹਲਕੇ ਤੋਂ 3 ਜ਼ਿਲ੍ਹਾ ਪ੍ਰੀਸ਼ਦ ਅਤੇ 22 ਬਲਾਕ ਸੰਮਤੀ ਜ਼ੋਨਾਂ ਦੇ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕੀਤੇ ਗਏ ਅਤੇ 3 ਜ਼ੋਨਾਂ ਤੋਂ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਇਸ ਸਮੇਂ ਸਾਬਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਪੰਜਾਬ ਭਰ 'ਚ 'ਆਪ' ਪਾਰਟੀ ਦਾ ਵਿਰੋਧ ਹੋ ਰਿਹਾ ਹੈ ਅਤੇ ਸਾਢੇ ਤਿੰਨ ਸਾਲਾਂ ਦੇ ਸਰਕਾਰ ਦੇ ਕਾਰਜਕਾਲ ਤੋਂ ਹੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ | ਸੂਬੇ ਭਰ 'ਚ ਕਾਂਗਰਸ ਦੀ ਹਾਲਤ ਮਜ਼ਬੂਤ ਹੈ | ਸ: ਜੱਗਾ ਹਿੱਸੋਵਾਲ ਨੇ ਕਿਹਾ ਕਿ ਬਦਲਾਅ ਲਿਆਉਣ ਵਾਲੀ ਪਾਰਟੀ ਤੋਂ ਲੋਕ ਹੁਣ ਛੁਟਕਾਰਾ ਚਾਹੁੰਦੇ ਹਨ ਅਤੇ ਪੰਜਾਬ ਭਰ 'ਚ ਸੰਮਤੀ ਚੋਣਾਂ 'ਚ ਕਾਂਗਰਸ ਵੱਡੀ ਜਿੱਤ ਹਾਸਲ ਕਰੇਗੀ | ਕਾਂਗਰਸ ਉਮੀਦਵਾਰਾਂ ਦੇ ਕਾਗਜ਼ ਭਰਨ ਸਮੇਂ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਪ੍ਰਧਾਨ ਰਾਜੇਸ਼ਇੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ | ਕਾਂਗਰਸ ਵਲੋਂ ਹਠੂਰ ਬਲਾਕ ਸੰਮਤੀ ਜ਼ੋਨ ਤੋਂ ਰਣਜੋਧ ਸਿੰਘ, ਜ਼ੋਨ ਭੰਮੀਪੁਰਾ ਤੋਂ ਜਗਤਾਰ ਸਿੰਘ, ਰਸੂਲਪੁਰ ਤੋਂ ਬੇਅੰਤ ਸਿੰਘ, ਡੱਲਾ ਤੋਂ ਉਜਾਗਰ ਸਿੰਘ, ਅਗਵਾੜ ਖੁਆਜਾ ਬਾਜੂ ਤੋਂ ਕ੍ਰਿਸ਼ਨ ਸਿੰਘ, ਅਗਵਾੜ ਗੁੱਜਰਾਂ ਤੋਂ ਬਲਜੀਤ ਕੌਰ, ਗਾਲਿਬ ਕਲਾਂ ਤੋਂ ਦਲੀਪ ਕੌਰ, ਅੱਬੂਪੁਰਾ ਤੋਂ ਪਰਮਜੀਤ ਕੌਰ, ਬਾਘੀਆਂ ਤੋਂ ਰਿੰਪੀ, ਪੋਨਾ ਤੋਂ ਬਲਜੀਤ ਕੌਰ, ਲੱਖਾ ਤੋਂ ਹਰਬੰਸ ਕੌਰ, ਮੱਲ੍ਹਾ ਤੋਂ ਕ੍ਰਿਸ਼ਨਾਂ ਦੇਵੀ, ਰਾਮਗੜ੍ਹ ਭੁੱਲਰ ਤੋਂ ਪ੍ਰਭਜੋਤ ਕੌਰ, ਲੀਲਾਂ ਤੋਂ ਮਨਜਿੰਦਰ ਕੌਰ, ਸ਼ੇਖਦੌਲਤ ਤੋਂ ਗੁਰਦੀਪ ਕੌਰ, ਚਕਰ ਤੋਂ ਬਲਦੇਵ ਸਿੰਘ, ਮਾਣੂੰਕੇ ਤੋਂ ਗੁਰਜਿੰਦਰ ਸਿੰਘ ਬਿੱਟੂ, ਕਾਉਂਕੇ ਕਲਾਂ ਤੋਂ ਜਗਦੇਵ ਸਿੰਘ, ਬਰਸਾਲ ਤੋਂ ਗੁਰਜੀਤ ਸਿੰਘ ਗੀਟਾ, ਗਿੱਦੜਵਿੰਡੀ ਤੋਂ ਸੁਖਦੇਵ ਸਿੰਘ, ਅਖਾੜਾ ਤੋਂ ਬਲਦੇਵ ਸਿੰਘ ਦੇ ਕਾਗਜ਼ ਦਾਖ਼ਲ ਕੀਤੇ ਗਏ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਾਲਿਬ ਕਲਾਂ ਤੋਂ ਹਰਿੰਦਰ ਸਿੰਘ ਚਾਹਲ, ਸਿੱਧਵਾਂ ਕਲਾਂ ਤੋਂ ਰਮਨਜੀਤ ਕੌਰ ਅਤੇ ਮਾਣੂੰਕੇ ਜ਼ੋੋਨ ਤੋਂ ਬਲਜਿੰਦਰ ਕੌਰ ਦੀਆਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ | ਇਸ ਤੋਂ ਇਲਾਵਾ ਸ਼ੇਰਪੁਰ ਕਲਾਂ, ਸਿੱਧਵਾਂ ਕਲਾਂ ਅਤੇ ਮਲਕ ਬਲਾਕ ਸੰਮਤੀ ਜ਼ੋਨਾਂ ਤੋਂ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਗਿਆ |