ਹੁਸ਼ਿਆਰਪੁਰ, 8 ਦਸੰਬਰ (ਬਲਜਿੰਦਰਪਾਲ ਸਿੰਘ)-ਬੇਸ਼ੱਕ ਸਰਕਾਰ ਨੇ 600 ਬਿਜਲੀ ਯੂਨਿਟ ਮੁਫ਼ਤ ਕੀਤੇ ਹਨ ਅਤੇ ਸਰਦੀ ਦਾ ਮੌਸਮ ਹੋਣ ਕਾਰਨ ਬਿਜਲੀ ਦੀ ਖਪਤ ਵੀ ਘੱਟ ਹੈ, ਪ੍ਰੰਤੂ ਅਜਿਹੇ 'ਚ ਪਿੰਡ ਹਰਮੋਇਆਂ ਦੀ ਇਕ ਵਿਧਵਾ ਔਰਤ ਦੇ ਘਰ ਦਾ ਬਿੱਲ ਹਜ਼ਾਰਾਂ 'ਚ ਆਉਣ ਕਾਰਨ ਉਹ ਪ੍ਰੇਸ਼ਾਨੀ ਦੇ ਆਲਮ 'ਚ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਵਾ ਔਰਤ ਬਿਮਲਾ ਦੇਵੀ ਵਾਸੀ ਪਿੰਡ ਹਰਮੋਇਆਂ ਨੇ ਦੱਸਿਆ ਕਿ ਇਸੇ ਸਾਲ 23 ਅਗਸਤ ਨੂੰ ਉਸ ਦੇ ਘਰ ਦਾ ਬਿਜਲੀ ਬਿੱਲ ਕਰੀਬ 64 ਹਜ਼ਾਰ ਰੁਪਏ ਆਇਆ ਸੀ, ਜਿਸ 'ਤੇ ਉਸ ਨੇ ਸਬੰਧਿਤ ਵਿਭਾਗ 'ਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਰੀਬ ਇਕ ਮਹੀਨੇ ਬਾਅਦ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਉਸ ਦਾ ਘਰ ਦਾ ਮੀਟਰ ਉਤਾਰ ਲਿਆ ਅਤੇ ਜਾਂਚ ਲਈ ਕੰਪਨੀ ਭੇਜ ਦਿੱਤਾ, ਜਿਸ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਨੇ ਕਿਹਾ ਸੀ ਕਿ ਕੰਪਨੀ ਅਨੁਸਾਰ ਮੀਟਰ ਬਿਲਕੁਲ ਸਹੀ ਹੈ | ਉਸ ਨੇ ਦੱਸਿਆ ਕਿ ਹੁਣ ਉਸ ਦੇ ਘਰ ਦਾ ਬਿੱਲ 'ਚ ਵਾਧਾ ਕਰਦਿਆਂ 68840 ਰੁਪਏ ਕੱਢ ਦਿੱਤਾ ਗਿਆ ਹੈ | ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ 2007 'ਚ ਹੋ ਚੁੱਕੀ ਹੈ ਅਤੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੇ ਬੱਚੇ ਨੂੰ ਪੜ੍ਹਾ ਰਹੀ ਹੈ ਅਤੇ ਘਰ ਦਾ ਗੁਜ਼ਾਰਾ ਕਰ ਰਹੀ ਹੈ | ਉਸ ਨੇ ਦੱਸਿਆ ਕਿ ਉਹ ਉਕਤ ਬਿੱਲ ਨੂੰ ਦੇਣ 'ਚ ਪੂਰੀ ਤਰ੍ਹਾਂ ਅਸਮਰਥ ਹੈ | ਉਸ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਉਸ ਦਾ ਉਕਤ ਬਿੱਲ ਮੁਆਫ਼ ਕੀਤਾ ਜਾਵੇ |