ਹੁਸ਼ਿਆਰਪੁਰ, 3 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਦੀ 14 ਦਸੰਬਰ ਨੂੰ ਹੋ ਰਹੀ ਚੋਣ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਦਸੂਹਾ ਦੇ ਵੱਖ-ਵੱਖ ਜ਼ੋਨਾਂ ਤੋਂ ਉਮੀਦਵਾਰਾਂ ਨੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਿਧਾਇਕ ਦੀ ਅਗਵਾਈ 'ਚ ਆਪਣੇ ਨਾਮਜ਼ਦਗੀ ਪੱਤਰ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਚੋਣ ਅਫ਼ਸਰ ਅਮਰਬੀਰ ਕੌਰ ਭੁੱਲਰ ਕੋਲ ਦਾਖਲ ਕਰਵਾਏ | ਹਲਕਾ ਦਸੂਹਾ ਦੇ 4 ਜ਼ੋਨਾਂ ਲਈ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਉਣ ਵਾਲਿਆਂ 'ਚ ਅਮਰੋਹ ਜ਼ੋਨ ਤੋਂ ਕੁਲਦੀਪ ਕੁਮਾਰ, ਸੰਸਾਰਪੁਰ ਜ਼ੋਨ ਤੋਂ ਸੋਮਾ ਦੇਵੀ, ਘੋਗਰਾ ਜ਼ੋਨ ਤੋਂ ਕੁਲਵਿੰਦਰ ਕੌਰ, ਝਿੰਗੜ ਕਲਾਂ ਜ਼ੋਨ ਤੋਂ ਨਵਦੀਪ ਪਾਲ ਸਿੰਘ ਰਿੰਪਾ ਸ਼ਾਮਿਲ ਹਨ | ਇਸ ਮੌਕੇ ਵਿਧਾਇਕ ਐਡ: ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਜ਼ਿਲ੍ਹੇ ਦੀਆਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਉਨਾਂ ਕਿਹਾ ਕਿ ਲੋਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਸਰਕਾਰ ਵਲੋਂ ਕਰਵਾਏ ਗਏ ਕੰਮਾਂ 'ਤੇ ਆਪਣੀ ਮੋਹਰ ਲਗਾਉਣਗੇ | ਉਨਾਂ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਲੋਕਾਂ ਨੇ ਚੋਣਾਂ ਦੌਰਾਨ ਕੀਤੇ ਸਨ, ਉਨਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ | ਐਡਵੋਕੇਟ ਘੁੰਮਣ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਨੂੰ ਪੂਰੀ ਤਰਾਂ ਨਕਾਰ ਚੁੱਕੇ ਹਨ ਅਤੇ ਉਹ ਇਨਾਂ ਦੇ ਕਿਸੇ ਵੀ ਛਲਾਵੇ 'ਚ ਨਹੀਂ ਆਉਣਗੇ | ਉਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਵਿਕਾਸ ਕਾਰਜਾਂ 'ਚ ਹੋਰ ਵੀ ਤੇਜ਼ੀ ਲਿਆਈ ਜਾ ਸਕੇ |
ਹਲਕਾ ਦਸੂਹਾ ਦੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਵਿਧਾਇਕ ਘੁੰਮਣ ਦੀ ਅਗਵਾਈ 'ਚ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕਰਵਾਏ
ਅਜੀਤ ਡੈਸਕ
04-12-2025