25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮਗਨਰੇਗਾ 'ਚ ਤਬਦੀਲੀਆਂ ਲਈ 'ਆਪ' ਤੇ ਭਾਜਪਾ ਜ਼ਿੰਮੇਵਾਰ-ਰਾਜਾ ਵੜਿੰਗ <br/>

ਅਜੀਤ ਡੈਸਕ 30-12-2025

ਲੁਧਿਆਣਾ, 29 ਦਸੰਬਰ (ਭੁਪਿੰਦਰ ਸਿੰਘ ਬੈਂਸ)-ਕਾਂਗਰਸ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਪੰਜਾਬ ਭਰ 'ਚ ਮਗਨਰੇਗਾ 'ਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਸੰਬੰਧੀ ਬੈਠਕਾਂ ਕੀਤੀਆਂ | ਇਸ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਗਨਰੇਗਾ ਸਕੀਮ ਦੇ ਨਾਂਅ ਨੂੰ ਬਦਲਣ ਅਤੇ ਇਸ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਨੰੂ ਲੈ ਕੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਦੋਵਾਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਗ਼ਰੀਬਾਂ ਦੇ ਰੁਜ਼ਗਾਰ 'ਤੇ ਸਿੱਧਾ ਅਸਰ ਪੈ ਰਿਹਾ ਹੈ | ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮਗਨਰੇਗਾ ਸਕੀਮ 2005 'ਚ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੁੱਖ ਮਕਸਦ ਪਿੰਡਾਂ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਤੇ ਦੇਸ਼ ਦੇ ਵਿਕਾਸ ਨੰੂ ਤੇਜ਼ ਕਰਨਾ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਹੀ ਇਸ ਸਕੀਮ ਹੇਠ ਸਿੰਚਾਈ ਸੜਕਾਂ ਵਰਗੇ ਮਹੱਤਵਪੂਰਨ ਕੰਮ ਰੋਕੇ ਗਏ | ਮਗਨਰੇਗਾ ਦੀ ਫੰਡਿੰਗ 'ਚ ਵੀ ਵੱਡੀ ਕਟੌਤੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸੂਬਾ ਅਨੁਪਾਤ 90 ਤੇ 10 ਫ਼ੀਸਦੀ ਸੀ, ਜੋ ਹੁਣ 60 ਤੇ 40 ਫ਼ੀਸਦੀ ਕਰ ਦਿੱਤਾ ਗਿਆ ਹੈ | ਇਸ ਨਾਲ ਕਰਜ਼ੇ ਹੇਠ ਦੱਬੇ ਸੂਬਿਆਂ 'ਤੇ ਵਿੱਤੀ ਬੋਝ ਵੱਧ ਗਿਆ ਹੈ | ਉਨ੍ਹਾਂ ਯਾਦ ਦਿਵਾਇਆ ਕਿ ਪੰਜਾਬ ਪਹਿਲਾਂ ਹੀ ਸਾਢੇ ਚਾਰ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਹੈ | ਅਜਿਹੇ 'ਚ ਮਗਨਰੇਗਾ ਵਰਗੀ ਲੋਕ ਹਿਤੈਸ਼ੀ ਸਕੀਮ ਨੰੂ ਢੰਗ ਨਾਲ ਚਲਾਉਣਾ ਔਖਾ ਹੋ ਰਿਹਾ ਹੈ | ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਲੁਧਿਆਣਾ ਜ਼ਿਲੇ੍ਹ ਵਿਚ ਮਗਨਰੇਗਾ ਹੇਠ 1,21123 ਲੋਕ ਦਰਜ ਹਨ, ਪਰ ਕੰਮ ਸਿਰਫ਼ 51,488 ਲੋਕਾਂ ਨੰੂ ਹੀ ਦਿੱਤਾ ਗਿਆ | 100 ਦਿਨਾਂ ਦਾ ਗਾਰੰਟੀਸ਼ੁਦਾ ਰੁਜ਼ਗਾਰ ਕੇਵਲ 12 ਪਰਿਵਾਰਾਂ ਨੰੂ ਹੀ ਮਿਲਿਆ ਹੈ, ਜੋ ਸਕੀਮ ਦੀ ਜ਼ਮੀਨੀ ਹਕੀਕਤ ਨੰੂ ਬੇਨਕਾਬ ਕਰਦਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਨੇ ਵੀ ਕੇਂਦਰ ਕੋਲ ਹੋਰ ਕੰਮ ਮਨਜ਼ੂਰ ਕਰਵਾਉਣ ਲਈ ਢੁਕਵਾਂ ਦਬਾਅ ਨਹੀਂ ਬਣਾਇਆ ਤੇ 100 ਦੀ ਥਾਂ 125 ਦਿਨਾਂ ਦੇ ਕੰਮ ਦੇ ਦਾਅਵੇ ਕਰਕੇ ਲੋਕਾਂ ਨੰੂ ਗੁਮਰਾਹ ਕੀਤਾ ਜਾ ਰਿਹਾ ਹੈ | ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਮਗਨਰੇਗਾ ਦਾ ਨਾਂਅ ਬਦਲਣ ਤੇ ਇਸ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਵਿਰੋਧ ਵਿਚ ਕਾਂਗਰਸ ਪਾਰਟੀ 8 ਜਨਵਰੀ ਤੋਂ ਪੰਜਾਬ ਭਰ ਵਿਚ ਸੰਘਰਸ਼ ਸ਼ੁਰੂ ਕਰੇਗੀ | ਇਸ ਸੰਘਰਸ਼ ਦੀ ਸ਼ੁਰੂਆਤ ਗੁਰਦਾਸਪੁਰ ਤੋਂ ਹੋਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਤਲਵਾੜ, ਮੇਜਰ ਸਿੰਘ ਮੁੱਲਾਂਪੁਰ, ਸਿਮਰਜੀਤ ਸਿੰਘ ਬੈਂਸ, ਪਵਨ ਦੀਵਾਨ, ਕੇ.ਕੇ. ਬਾਵਾ, ਸੁਰਿੰਦਰ ਡਾਬਰ, ਮਲਕੀਅਤ ਸਿੰਘ ਦਾਖਾ, ਕੁਲਦੀਪ ਵੈਦ, ਬਲਵਿੰਦਰ ਸਿੰਘ ਬੈਂਸ, ਰਾਕੇਸ਼ ਪਾਂਡੇ, ਕਾਮਿਲ ਸਿੰਘ, ਹਰੀਸ਼ ਜਟਵਾਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਯੂਕਰੇਨ ਵਲੋਂ 91 ਡਰੋਨਾਂ ਨਾਲ ਪੁਤਿਨ ਦੇ ਨਿਵਾਸ 'ਤੇ ਹਮਲਾ-ਰੂਸ <br/> ਅਗਲੀ ਖ਼ਬਰ ਪੰਜਾਬ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੀ ਲਪੇਟ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।