22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨਹੀਂ ਰਹੇ ਬਾਲੀਵੁੱਡ ਦੇ 'ਹੀ ਮੈਨ'

ਅਜੀਤ ਡੈਸਕ 25-11-2025

ਦਿੱਗਜ ਅਦਾਕਾਰ ਧਰਮਿੰਦਰ ਨੇ 89 ਦੀ ਉਮਰ 'ਚ ਲਏ ਆਖ਼ਰੀ ਸਾਹ
ਮੁੰਬਈ, 24 ਨਵੰਬਰ (ਪੀ.ਟੀ.ਆਈ)-ਬਾਲੀਵੁੱਡ ਦੇ 'ਹੀ ਮੈਨ' ਪ੍ਰਸਿੱਧ ਅਦਾਕਾਰ ਧਰਮਿੰਦਰ ਦਾ ਅੱਜ ਲੰਮੀ ਬਿਮਾਰੀ ਦੇ ਬਾਅਦ ਦਿਹਾਂਤ ਹੋ ਗਿਆ | 89 ਸਾਲ ਦੇ ਅਦਾਕਾਰ ਨੇ ਸੋਮਵਾਰ ਦੁਪਹਿਰ ਕਰੀਬ 1 ਵਜੇ ਆਪਣੇ ਘਰ ਵਿਚ ਹੀ ਆਖ਼ਰੀ ਸਾਹ ਲਏ | ਦਿੱਗਜ ਅਦਾਕਾਰ ਦੇ ਦਿਹਾਂਤ ਨਾਲ ਸਿਨੇਮਾ ਜਗਤ ਦੇ ਨਾਲ ਪੂਰਾ ਦੇਸ਼ ਸੋਗ 'ਚ ਡੁੱਬ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਸਨਮਾਨ ਨਾਲ ਵਿਲੇ ਪਾਰਲੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਉਨ੍ਹਾਂ ਦੇ ਵੱਡੇ ਬੇਟੇ ਸਨੀ ਦਿਓਲ ਨੇ ਅੰਤਿਮ ਰਸਮਾਂ ਨਿਭਾਈਆਂ | ਅੰਤਿਮ ਸੰਸਕਾਰ ਮੌਕੇ ਬਹੁਤ ਹੀ ਭਾਵੁਕ ਮਾਹੌਲ ਸੀ | ਇਸ ਮੌਕੇ ਅਮਿਤਾਭ ਬਚਨ, ਅਭਿਸ਼ੇਕ ਬਚਨ, ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਨਿਰਮਾਤਾ ਸਲੀਮ ਖ਼ਾਨ, ਸਲਮਾਨ ਖ਼ਾਨ, ਸੰਜੇ ਦੱਤ, ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ, ਅਨਿਲ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਿਲ ਹੋਈਆਂ | ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਸਮੇਤ ਵੱਖ-ਵੱਖ ਆਗੂਆਂ ਨੇ ਧਰਮਿੰਦਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ | ਜ਼ਿਕਰਯੋਗ ਹੈ ਕਿ ਬਜ਼ੁਰਗ ਅਦਾਕਾਰ ਨੂੰ ਸਾਹ ਲੈਣ 'ਚ ਤਕਲੀਫ਼ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਹੇਮਾ ਮਾਲਿਨੀ, ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਨੇ ਆਪਣੇ ਬਿਮਾਰ ਪਿਤਾ ਨਾਲ ਮੁਲਾਕਾਤ ਕੀਤੀ ਸੀ | ਹਾਲਾਂਕਿ ਸਿਹਤ ਵਿਚ ਕੁਝ ਸੁਧਾਰ ਹੋਣ ਤੋਂ ਬਾਅਦ ਪਰਿਵਾਰ ਅਦਾਕਾਰ ਨੂੰ ਘਰ ਲੈ ਗਿਆ ਸੀ ਅਤੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਘਰ 'ਚ ਹੀ ਕੀਤਾ ਜਾ ਰਿਹਾ ਸੀ | ਧਰਮਿੰਦਰ ਦੇ ਦਿਹਾਂਤ ਨਾਲ ਬਾਲੀਵੁੱਡ ਦੇ ਇਕ ਯੁੱਗ ਦਾ ਅੰਤ ਹੋ ਗਿਆ | ਉਨ੍ਹਾਂ ਨੇ 300 ਤੋਂ ਵੱਧ ਫ਼ਿਲਮਾਂ ਨਾਲ ਸਿਨੇਮਾ ਜਗਤ 'ਚ ਆਪਣੀ ਅਮਿੱਟ ਛਾਪ ਛੱਡੀ | ਧਰਮਿੰਦਰ ਨੂੰ ਭਾਰਤੀ ਸਿਨੇਮਾ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਨੂੰ 1997 ਵਿਚ ਫ਼ਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਅਤੇ ਭਾਰਤ ਸਰਕਾਰ ਵਲੋਂ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਭੂਸ਼ਨ 2012 ਵਿਚ ਪ੍ਰਦਾਨ ਕੀਤਾ ਗਿਆ | ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਧਰਮਿੰਦਰ ਨੇ ਰਾਜਨੀਤੀ ਵਿਚ ਵੀ ਹੱਥ ਅਜ਼ਮਾਇਆ | ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਵਜੋਂ ਰਾਜਸਥਾਨ ਦੇ ਬੀਕਾਨੇਰ ਹਲਕੇ ਤੋਂ 14ਵੀਂ ਲੋਕ ਸਭਾ (2004-2009) ਦੇ ਮੈਂਬਰ ਰਹੇ | ਉਨ੍ਹਾਂ ਦਾ ਜੀਵਨ ਸੰਘਰਸ਼, ਪ੍ਰਤਿਭਾ ਅਤੇ ਸਫਲਤਾ ਦੀ ਇੱਕ ਅਜਿਹੀ ਕਹਾਣੀ ਹੈ, ਜਿਸ ਨੇ ਉਨ੍ਹਾਂ ਨੂੰ ਸੱਚਮੁੱਚ ਹਿੰਦੀ ਸਿਨੇਮਾ ਦਾ ਅਮਰ 'ਹੀ-ਮੈਨ' ਬਣਾ ਦਿੱਤਾ ਹੈ | ਧਰਮਿੰਦਰ ਨੇ ਆਪਣੀ ਉਮਰ ਦੇ 80 ਦੇ ਦਹਾਕੇ ਦੇ ਅਖ਼ੀਰ ਤੱਕ ਅਦਾਕਾਰੀ ਜਾਰੀ ਰੱਖੀ | 'ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ' (2023) ਅਤੇ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਯਾ' (2024) ਵਿਚ ਉਨ੍ਹਾਂ ਦੀ ਅਦਾਕਾਰੀ ਦੇਖਣ ਨੂੰ ਮਿਲੀ | ਉਨ੍ਹਾਂ ਦੀ ਆਖ਼ਰੀ ਫ਼ਿਲਮ 'ਇੱਕੀਸ', ਜਿਸ ਨੂੰ ਸ੍ਰੀਰਾਮ ਰਾਘਵਨ ਨੇ ਨਿਰਦੇਸ਼ਿਤ ਕੀਤਾ ਹੈ, 25 ਦਸੰਬਰ, 2025 ਨੂੰ ਰਿਲੀਜ਼ ਹੋਣ ਵਾਲੀ ਹੈ |
ਜਨਮ ਤੇ ਫ਼ਿਲਮੀ ਸਫ਼ਰ
ਧਰਮਿੰਦਰ ਦਾ ਜਨਮ 8 ਦਸੰਬਰ, 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਵਿਖੇ ਹੋਇਆ ਸੀ | ਉਨ੍ਹਾਂ ਦਾ ਨਾਂਅ ਧਰਮ ਸਿੰਘ ਦਿਓਲ ਸੀ | ਉਨ੍ਹਾਂ ਦੇ ਪਿਤਾ ਕੇਵਲ ਕਿ੍ਸ਼ਨ ਦਿਓਲ ਹੈੱਡਮਾਸਟਰ ਸਨ ਅਤੇ ਉਨ੍ਹਾਂ ਦੀ ਮਾਂ ਦਾ ਨਾਂਅ ਸਤਵੰਤ ਕੌਰ ਸੀ | ਧਰਮਿੰਦਰ ਦਾ ਬਚਪਨ ਸਾਹਨੇਵਾਲ ਪਿੰਡ ਵਿਚ ਬੀਤਿਆ | ਧਰਮਿੰਦਰ ਨੇ ਆਪਣੇ ਸ਼ੁਰੂਆਤੀ ਸਾਲ ਫਗਵਾੜਾ ਵਿਚ ਬਿਤਾਏ, ਜਿੱਥੇ ਉਨ੍ਹਾਂ ਦੇ ਪਿਤਾ ਮਾਸਟਰ ਕੇਵਲ ਕਿ੍ਸ਼ਨ ਚੌਧਰੀ ਆਰੀਆ ਹਾਈ ਸਕੂਲ ਵਿਚ ਅਧਿਆਪਕ ਵਜੋਂ ਸੇਵਾ ਕਰਦੇ ਸਨ | ਧਰਮਿੰਦਰ ਨੇ 1950 ਵਿਚ ਆਰੀਆ ਹਾਈ ਸਕੂਲ ਤੋਂ ਆਪਣੀ ਮੈਟਿ੍ਕ ਪੂਰੀ ਕੀਤੀ | ਉਨ੍ਹਾਂ ਨੇ ਆਪਣੀ ਇੰਟਰਮੀਡੀਏਟ ਦੀ ਪੜ੍ਹਾਈ ਫਗਵਾੜਾ ਦੇ ਰਾਮਗੜ੍ਹੀਆ ਕਾਲਜ ਤੋਂ 1952 ਵਿਚ ਪੂਰੀ ਕੀਤੀ | ਬਚਪਨ ਤੋਂ ਹੀ ਧਰਮਿੰਦਰ ਦਾ ਝੁਕਾਅ ਫ਼ਿਲਮਾਂ ਵੱਲ ਸੀ | ਉਹ ਫ਼ਿਲਮਾਂ ਦੇਖਣ ਲਈ ਕਈ ਮੀਲ ਪੈਦਲ ਜਾਂਦੇ ਸਨ | ਸਿਨੇਮਾ ਲਈ ਉਨ੍ਹਾਂ ਦਾ ਇਹ ਜਨੂੰਨ ਉਨ੍ਹਾਂ ਨੂੰ ਮੁੰਬਈ ਲੈ ਗਿਆ | ਸਾਲ 1958 ਵਿਚ ਉਨ੍ਹਾਂ ਨੇ ਫ਼ਿਲਮਫੇਅਰ ਮੈਗਜ਼ੀਨ ਦੇ 'ਟੈਲੰਟ ਹੰਟ' ਮੁਕਾਬਲੇ ਵਿਚ ਹਿੱਸਾ ਲਿਆ ਅਤੇ ਇਸ ਨੂੰ ਜਿੱਤ ਲਿਆ | ਇਸ ਮੁਕਾਬਲੇ ਨੇ ਹੀ ਉਨ੍ਹਾਂ ਲਈ ਬਾਲੀਵੁੱਡ ਦੇ ਦਰਵਾਜ਼ੇ ਖੋਲ੍ਹ ਦਿੱਤੇ | ਧਰਮਿੰਦਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1960 ਵਿਚ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਕੀਤੀ ਸੀ | ਆਪਣੇ ਸ਼ੁਰੂਆਤੀ ਸਾਲਾਂ (1960 ਤੋਂ 1968) ਦੌਰਾਨ ਉਨ੍ਹਾਂ ਨੇ ਜ਼ਿਆਦਾਤਰ ਰੋਮਾਂਟਿਕ ਅਤੇ ਨਰਮ ਕਿਰਦਾਰ ਨਿਭਾਏ | ਹਾਲਾਂਕਿ, ਉਨ੍ਹਾਂ ਦੀ ਪਛਾਣ 1966 ਵਿਚ ਆਈ ਫ਼ਿਲਮ 'ਫੂਲ ਔਰ ਪੱਥਰ' ਨਾਲ ਬਣੀ, ਜਿਸ ਨੇ ਉਨ੍ਹਾਂ ਨੂੰ ਇੱਕ ਐਕਸ਼ਨ ਹੀਰੋ ਅਤੇ ਪ੍ਰਮੁੱਖ ਅਦਾਕਾਰ ਵਜੋਂ ਸਥਾਪਿਤ ਕੀਤਾ | ਇਸ ਫ਼ਿਲਮ ਨੇ ਉਨ੍ਹਾਂ ਨੂੰ ਸਰਬੋਤਮ ਅਦਾਕਾਰ ਲਈ ਪਹਿਲੀ ਫ਼ਿਲਮਫੇਅਰ ਨਾਮਜ਼ਦਗੀ ਵੀ ਦਿਵਾਈ | 1970 ਅਤੇ 1980 ਦੇ ਦਹਾਕੇ ਵਿਚ ਧਰਮਿੰਦਰ ਨੇ ਬਾਲੀਵੁੱਡ 'ਤੇ ਰਾਜ ਕੀਤਾ | ਉਨ੍ਹਾਂ ਦੀ ਗੱਭਰੂ ਦਿੱਖ, ਬਹੁਪੱਖੀ ਅਦਾਕਾਰੀ ਅਤੇ ਸਕਰੀਨ 'ਤੇ ਮਜ਼ਬੂਤ ਹਾਜ਼ਰੀ ਕਾਰਨ ਉਨ੍ਹਾਂ ਨੂੰ 'ਹੀ-ਮੈਨ' ਅਤੇ 'ਗਰਮ ਧਰਮ' ਵਰਗੇ ਨਾਂਅ ਮਿਲੇ | ਧਰਮਿੰਦਰ ਨੇ ਆਪਣੇ 6 ਦਹਾਕਿਆਂ ਤੋਂ ਵੱਧ ਦੇ ਫ਼ਿਲਮੀ ਕਰੀਅਰ ਵਿਚ 300 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਹਿੰਦੀ ਸਿਨੇਮਾ ਦੇ ਇਤਿਹਾਸ ਵਿਚ ਇੱਕ ਅਮਿੱਟ ਛਾਪ ਛੱਡੀ | ਉਨ੍ਹਾਂ ਦੀਆਂ ਪ੍ਰਸਿੱਧ ਫ਼ਿਲਮਾਂ ਸ਼ੋਅਲੇ, ਚੁਪਕੇ-ਚੁਪਕੇ, ਸੀਤਾ ਔਰ ਗੀਤਾ, ਸੱਤਯਕਾਮ, ਅਨੁਪਮਾ, ਆਈ ਮਿਲਨ ਕੀ ਬੇਲਾ, ਆਏ ਦਿਨ ਬਹਾਰ ਕੇ, ਆਯਾ ਸਾਵਨ ਝੂਮ ਕੇ, ਮੇਰਾ ਗਾਂਓ ਮੇਰਾ ਦੇਸ਼, ਯਾਦੋਂ ਕੀ ਬਰਾਤ, ਧਰਮਵੀਰ, ਦੋਸਤ, ਦਿ ਬਰਨਿੰਗ ਟਰੇਨ ਆਦਿ ਸਨ |

ਪਿਛਲੀ ਖ਼ਬਰ ਗੁਰੂ ਸਾਹਿਬ ਦੀ ਬਹਾਦਰੀ ਤੇ ਹਿੰਮਤ ਹਰ ਭਾਰਤੀ ਲਈ ਪ੍ਰੇਰਨਾ ਸਰੋਤ-ਅਮਿਤ ਸ਼ਾਹ ਅਗਲੀ ਖ਼ਬਰ ਉਪ-ਰਾਸ਼ਟਰਪਤੀ ਸੀ. ਪੀ. ਰਾਧਾਕਿ੍ਸ਼ਨਨ ਨੇ ਗੁ. ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।