ਨਵੀਂ ਦਿੱਲੀ, 15 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 2026 ਦੇ ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਨਾਲ ਮੁਲਾਕਾਤ ਕਰਨਗੇ। ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਚ ਸ਼ਾਮ 4:30 ਵਜੇ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਐਥਲੀਟਾਂ, ਉਨ੍ਹਾਂ ਦੇ ਕੋਚਾਂ ਅਤੇ ਸਹਾਇਕ ਸਟਾਫ਼ ਨਾਲ ਗੱਲਬਾਤ ਕਰਨਗੇ।
ਭਾਰਤ ਨੇ ਜਾਪਾਨ ਵਿਚ ਏਸ਼ਿਆਈ ਖੇਡਾਂ ਵਿਚ ਕੁੱਲ 85 ਤਗਮੇ ਜਿੱਤੇ ਤੇ ਤਗਮਾ ਸੂਚੀ ਵਿਚ ਚੌਥੇ ਸਥਾਨ 'ਤੇ ਰਿਹਾ। ਭਾਰਤੀ ਐਥਲੀਟਾਂ ਨੇ 21 ਸੋਨ, 27 ਚਾਂਦੀ ਅਤੇ 37 ਕਾਂਸੀ ਦੇ ਤਗਮੇ ਜਿੱਤੇ। ਹਾਲਾਂਕਿ ਭਾਰਤ ਪਿਛਲੀਆਂ ਏਸ਼ਿਆਈ ਖੇਡਾਂ ਦੇ ਆਪਣੇ ਰਿਕਾਰਡ ਪ੍ਰਦਰਸ਼ਨ ਨੂੰ ਦੁਹਰਾਉਣ ਵਿਚ ਅਸਫ਼ਲ ਰਿਹਾ। ਭਾਰਤੀ ਦਲ ਨੇ ਚੀਨ ਦੇ ਹਾਂਗਜ਼ੂ ਵਿਚ 2023 ਦੀਆਂ ਏਸ਼ਿਆਈ ਖੇਡਾਂ ਵਿਚ 107 ਤਗਮੇ ਜਿੱਤੇ।
ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਜਾਰੀ ਜਾਣਕਾਰੀ ਦੇ ਅਨੁਸਾਰ ਇਸ ਸਮਾਗਮ ਵਿਚ ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣ ਵਾਲੇ ਐਥਲੀਟ, ਉਨ੍ਹਾਂ ਦੇ ਕੋਚ ਅਤੇ ਸਹਾਇਕ ਸਟਾਫ ਸ਼ਾਮਿਲ ਹੋਣਗੇ। ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਅਧਿਕਾਰੀ, ਰਾਸ਼ਟਰੀ ਖੇਡ ਫੈਡਰੇਸ਼ਨਾਂ ਦੇ ਪ੍ਰਤੀਨਿਧੀ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਖਿਡਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਦੇ ਉਨ੍ਹਾਂ ਦੇ ਤਜ਼ਰਬਿਆਂ 'ਤੇ ਚਰਚਾ ਕਰਨਗੇ।