ਝਬਾਲ, 14 ਅਕਤੂਬਰ (ਸੁਖਦੇਵ ਸਿੰਘ) ਇਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਢੀ ਹੋਈ ਹੈ, ਪਰ ਦੂਜੇ ਪਾਸੇ ਇਸ ਮੁਹਿੰਮ ਨੂੰ ਉਸ ਸਮੇਂ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ। ਤਾਜ਼ਾ ਮਾਮਲਾ ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਇਲਾਕੇ ਦਾ ਹੈ।
ਜਾਣਕਾਰੀ ਅਨੁਸਾਰ ਅੱਜ ਚਾਹਲ ਡਰੇਨ ਨੇੜੇ ਬੀ.ਐਸ.ਐਫ. ਦੀ 115 ਬਟਾਲੀਅਨ ਦੇ ਜਵਾਨਾਂ ਵੱਲੋਂ ਨਾਕਾਬੰਦੀ ਦੌਰਾਨ ਇੱਕ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ। ਗੱਡੀ ਚਾਲਕ ਦੀ ਪਛਾਣ ਪੰਜਾਬ ਪੁਲਿਸ ਦੇ ਮੁਲਾਜ਼ਮ ਕਰਨਦੀਪ ਸਿੰਘ ਪੁੱਤਰ ਨੰਬਰਦਾਰ ਰਣਜੀਤ ਸਿੰਘ ਵਾਸੀ ਪਿੰਡ ਭੂਸੇ ਵਜੋਂ ਹੋਈ ਹੈ,
ਜੋ ਕਿ ਸਰਹੱਦੀ ਇਲਾਕੇ ਵਿੱਚ ਪੁਲਿਸ ਦੇ ਐਂਟੀ ਡਰੋਨ ਸੈੱਲ ਵਿੱਚ ਡਿਊਟੀ ਨਿਭਾਅ ਰਿਹਾ ਸੀ।
ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਮੌਕੇ 'ਤੇ ਬੀ.ਐਸ.ਐਫ. ਵੱਲੋਂ ਐਨ.ਸੀ.ਬੀ. ਦੀ ਟੀਮ ਨੂੰ ਬੁਲਾ ਕੇ ਬਰਾਮਦ ਹੋਈ ਹੈਰੋਇਨ ਅਤੇ ਮੁਲਾਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਦੀ ਅਗਲੇਰੀ ਜਾਂਚ ਐਨ.ਸੀ.ਬੀ. ਵੱਲੋਂ ਕੀਤੀ ਜਾ ਰਹੀ ਹੈ।