18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਸ਼ਾ ਮੁਕਤ ਪੰਜਾਬ ਯਾਤਰਾ ਦਾ ਪਠਾਨਕੋਟ ਵਿਚ ‘ਆਪ’ ਆਗੂਆਂ ਵਲੋਂ ਵਿਰੋਧ

ਪਠਾਨਕੋਟ, 18 ਸਤੰਬਰ (ਸੰਧੂ) — ਭਾਰਤੀ ਜਨਤਾ ਪਾਰਟੀ ਵਲੋਂ ਮਾਧੋਪੁਰ ਤੋਂ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਪਠਾਨਕੋਟ ਪਹੁੰਚਣ ’ਤੇ ਆਮ ਆਦਮੀ ਪਾਰਟੀ...

ਅਜੀਤ ਡੈਸਕ 18-09-2026

ਪਠਾਨਕੋਟ, 18 ਸਤੰਬਰ (ਸੰਧੂ) — ਭਾਰਤੀ ਜਨਤਾ ਪਾਰਟੀ ਵਲੋਂ ਮਾਧੋਪੁਰ ਤੋਂ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਪਠਾਨਕੋਟ ਪਹੁੰਚਣ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਵਿਰੋਧ ਕੀਤਾ ਗਿਆ। ‘ਆਪ’ ਆਗੂਆਂ ਨੇ ਪਹਿਲਾਂ ਪੰਗੋਲੀ ਚੌਂਕ ਅਤੇ ਇਸ ਤੋਂ ਬਾਅਦ ਢਾਂਗੂ  ਰੋਡ  ਵਿਖੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਗਟ ਕੀਤਾ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਐੱਸ.ਸੀ. ਵਿੰਗ ਦੇ ਮਾਝਾ ਜ਼ੋਨ ਇੰਚਾਰਜ ਠੇਕੇਦਾਰ ਅਮਰਜੀਤ ਸਿੰਘ, ਹਲਕਾ ਇੰਚਾਰਜ ਰੋਹਿਤ ਸਿਆਲ, ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਸੌਰਭ ਬਹਿਲ, ਰੇਖਾ ਮਨੀ ਸ਼ਰਮਾ, ਨਤਿੰਦਰ ਸਿੰਘ ਨਾਗਰਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਲੰਟੀਅਰ ਮੌਜੂਦ ਸਨ। ਆਗੂਆਂ ਅਤੇ ਵਰਕਰਾਂ ਨੇ ਕਾਲੀਆਂ ਝੰਡੀਆਂ ਲਹਿਰਾਉਂਦਿਆਂ ਯਾਤਰਾ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ। ਆਗੂਆਂ  ਨੇ ਕਿਹਾ ਕਿ ਨਸ਼ਿਆਂ ਵਿਰੁੱਧ ਹੋਣ ਵਾਲੇ ਹਰ ਸੱਚੇ ਯਤਨ ਦਾ ਸਵਾਗਤ ਹੈ, ਪਰ ਭਾਜਪਾ ਵਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅਸਲ ਵਿਚ ਨਸ਼ਿਆਂ ਦੇ ਖ਼ਿਲਾਫ਼ ਲੜਾਈ ਨਾਲੋਂ ਵੱਧ ਇਕ ਸਿਆਸੀ ਮੁਹਿੰਮ ਅਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਪਦੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਵਿਚ ਯਾਤਰਾ ਕੱਢਣ ਤੋਂ ਪਹਿਲਾਂ ਆਪਣੇ ਪਿਛਲੇ ਰਿਕਾਰਡ ਦਾ ਜਵਾਬ ਦੇਣਾ ਚਾਹੀਦਾ ਹੈ। 2007 ਤੋਂ 2017 ਤੱਕ ਭਾਜਪਾ ਅਕਾਲੀ ਸਰਕਾਰ ਵਿਚ ਭਾਈਵਾਲ ਸੀ ਅਤੇ ਇਹੀ ਉਹ ਦੌਰ ਸੀ ਜਦੋਂ ‘ਚਿੱਟੇ’ ਦੀ ਸਮੱਸਿਆ ਪੰਜਾਬ ਵਿਚ ਵੱਡੇ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ। ਜੇਕਰ ਭਾਜਪਾ ਉਸ ਸਮੇਂ ਸਰਕਾਰ ਵਿਚ ਰਹਿੰਦੇ ਹੋਏ ਨਸ਼ਿਆਂ ਵਿਰੁੱਧ ਇੰਨੀ ਹੀ ਗੰਭੀਰ ਸੀ ਤਾਂ ਉਸ ਵੇਲੇ ਕੋਈ ਵੱਡੀ ਨਸ਼ਾ ਵਿਰੋਧੀ ਯਾਤਰਾ ਜਾਂ ਲਗਾਤਾਰ ਮੁਹਿੰਮ ਕਿਉਂ ਨਹੀਂ ਚਲਾਈ ਗਈ?  ਭਾਜਪਾ ਨੂੰ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਵਿਚ ਸਹਿਯੋਗ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਸ਼ਿਆਂ ਵਿਰੁੱਧ ਹਨ ਅਤੇ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿਚ ਲੋਕਾਂ ਦੀ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ।
ਇਸ ਲਈ ਭਾਜਪਾ ਨੂੰ ਵੱਖਰੀ ਸਿਆਸੀ ਯਾਤਰਾ ਕੱਢ ਕੇ ਇਸ ਮੁੱਦੇ ਨੂੰ ਸਿਆਸੀ ਰੰਗ ਦੇਣ ਦੀ ਬਜਾਏ ਨਸ਼ਿਆਂ ਦੀ ਸਪਲਾਈ ਰੋਕਣ, ਤਸਕਰਾਂ ਖ਼ਿਲਾਫ਼ ਕਾਰਵਾਈ ਅਤੇ ਨੌਜਵਾਨਾਂ ਨੂੰ ਖੇਡਾਂ ਤੇ ਰੁਜ਼ਗਾਰ ਨਾਲ ਜੋੜਨ ਲਈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਸੁਰੱਖਿਆ ਪੱਖੋਂ ਪੁਲਿਸ ਪ੍ਰਸ਼ਾਸਨ ਵਲੋਂ ਪਠਾਨਕੋਟ ਦੇ ਢਾਂਗੂ  ਰੋਡ ਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ ਤਾਂ ਜੋ ਕਿਸੇ ਵੀ ਵੱਡੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। 

ਪਿਛਲੀ ਖ਼ਬਰ ਚੇਅਰਮੈਨ ਹਰਪਾਲ ਸਿੰਘ ਚੌਹਾਨ ਨੇ ਸ਼ੈਲਰ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ