16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਐੱਸ.ਐੱਸ. ਬੋਰਡ ਭਰਤੀ ਘੁਟਾਲੇ ’ਚ ਤਤਕਾਲੀ ਚੇਅਰਮੈਨ ਤੇ ਕੰਪਿਊਟਰ ਏਜੰਸੀ ਮਾਲਕ ਬਰੀ

ਐੱਸ. ਏ. ਐੱਸ. ਨਗਰ (ਮੁਹਾਲੀ), 16 ਸਤੰਬਰ (ਕਪਿਲ ਵਧਵਾ)- ਪੰਜਾਬ ਸਬਆਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ...

ਅਜੀਤ ਡੈਸਕ 16-09-2026

ਐੱਸ. ਏ. ਐੱਸ. ਨਗਰ (ਮੁਹਾਲੀ), 16 ਸਤੰਬਰ (ਕਪਿਲ ਵਧਵਾ)- ਪੰਜਾਬ ਸਬਆਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਪੀ. ਐੱਸ. ਐੱਸ.ਐੱਸ. ਬੀ.) ਦੀ 2006 ਦੀ ਅਧਿਆਪਕ ਭਰਤੀ ਨਾਲ ਸਬੰਧਤ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਅਹਿਮ ਫ਼ੈਸਲਾ ਸੁਣਾਇਆ ਹੈ। ਵਿਸ਼ੇਸ਼ ਜੱਜ ਹਰੀਦੀਪ ਸਿੰਘ ਦੀ ਅਦਾਲਤ ਨੇ ਤਤਕਾਲੀ ਚੇਅਰਮੈਨ ਅਤੇ ਸੇਵਾ ਮੁਕਤ ਬ੍ਰਿਗੇਡੀਅਰ ਚਰਨਜੀਵ ਸਿੰਘ ਹਰੀਕਾ ਅਤੇ ਕੰਪਿਊਟਰ ਏਜੰਸੀ ਦੇ ਮਾਲਕ ਗੁਰਪਾਲ ਸਿੰਘ ਨੂੰ ਬਰੀ ਕਰ ਦਿੱਤਾ, ਜਦਕਿ ਬੋਰਡ ਦੇ ਤਤਕਾਲੀ ਸੁਪਰਡੈਂਟ ਬਲਵੰਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਬਲਵੰਤ ਸਿੰਘ ਨੂੰ ਧਾਰਾ 420 ਆਈ.ਪੀ.ਸੀ. ਤਹਿਤ 2 ਸਾਲ ਦੀ ਸਖ਼ਤ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਤਹਿਤ ਵੀ 2 ਸਾਲ ਦੀ ਸਖ਼ਤ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

65 ਹਜ਼ਾਰ ਉਮੀਦਵਾਰਾਂ ਨੇ ਕੀਤਾ ਸੀ ਅਪਲਾਈ

ਅਦਾਲਤੀ ਰਿਕਾਰਡ ਮੁਤਾਬਕ ਸਾਲ 2006 ਵਿਚ ਪੀ. ਐੱਸ. ਐੱਸ.ਐੱਸ. ਬੀ. ਵਲੋਂ ਵੱਖ-ਵੱਖ ਵਿਸ਼ਿਆਂ ਦੇ ਮਾਸਟਰ/ਮਿਸਟ੍ਰੈੱਸ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਸਨ ਅਤੇ ਕਰੀਬ 65 ਹਜ਼ਾਰ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਜਾਂਚ ਦੌਰਾਨ ਮੈਰਿਟ ਸੂਚੀਆਂ ਅਤੇ ਚੋਣ ਪ੍ਰਕਿਰਿਆ ਵਿਚ ਕਈ ਬੇਨਿਯਮੀਆਂ ਸਾਹਮਣੇ ਆਉਣ ਦੀ ਗੱਲ ਰਿਕਾਰਡ ਵਿਚ ਦਰਜ ਹੈ। ਇਸ ਮਾਮਲੇ ਵਿਚ ਸਰਕਾਰੀ ਧਿਰ ਦੀ ਅਗਵਾਈ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਵਲੋਂ ਕੀਤੀ ਗਈ। ਤਤਕਾਲੀ ਚੇਅਰਮੈਨ ਚਰਨਜੀਵ ਸਿੰਘ ਹਰੀਕਾ ਤਰਫੋਂ ਬਚਾਅ ਦੀ ਅਗਵਾਈ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਵਲੋਂ ਕੀਤੀ ਗਈ। ਜਦਕਿ ਕੰਪਿਊਟਰ ਏਜੰਸੀ ਮਾਲਕ ਗੁਰਪਾਲ ਸਿੰਘ ਅਤੇ ਦੋਸ਼ੀ ਕਰਾਰ ਦਿੱਤੇ ਗਏ ਬਲਵੰਤ ਸਿੰਘ ਵਲੋਂ ਲੜੀਵਾਰ ਵਕੀਲ ਜੀਸੀ ਕਲੇਰ ਅਤੇ ਐਚ. ਐਸ. ਪਾਲ ਪੇਸ਼ ਹੋਏ। 

ਮੈਰਿਟ ’ਚ ਹੇਰਾਫੇਰੀ ਦੇ ਦੋਸ਼

ਵਿਜੀਲੈਂਸ ਜਾਂਚ ਮੁਤਾਬਕ ਕੁਝ ਵੱਧ ਮੈਰਿਟ ਵਾਲੇ ਉਮੀਦਵਾਰਾਂ ਨੂੰ ਜਨਰਲ ਕੈਟਾਗਰੀ ਦੀ ਸੂਚੀ ਵਿਚ ਸ਼ਾਮਲ ਨਾ ਕਰਨ ਅਤੇ ਘੱਟ ਮੈਰਿਟ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਦੇ ਦੋਸ਼ ਲੱਗੇ ਸਨ। ਰਿਕਾਰਡ ਵਿਚ 52 ਉਮੀਦਵਾਰਾਂ ਦੇ ਵਿਦਿਅਕ ਤੇ ਪੇਸ਼ੇਵਰ ਯੋਗਤਾ ਸਰਟੀਫਿਕੇਟਾਂ ਦੇ ਅੰਕਾਂ ਵਿਚ ਹੇਰਾਫੇਰੀ, 86 ਘੱਟ ਮੈਰਿਟ ਵਾਲੇ ਜਾਂ ਮੈਰਿਟ ਸੂਚੀ ਲਈ ਅਯੋਗ ਉਮੀਦਵਾਰਾਂ ਦੀ ਚੋਣ ਅਤੇ ਰਿਜ਼ਰਵ ਕੈਟਾਗਰੀ ਦੇ 167 ਵੱਧ ਮੈਰਿਟ ਵਾਲੇ ਉਮੀਦਵਾਰਾਂ ਨੂੰ ਸਾਂਝੀ ਸੂਚੀ ਵਿਚ ਸ਼ਾਮਲ ਨਾ ਕਰਨ ਸਮੇਤ ਹੋਰ ਬੇਨਿਯਮੀਆਂ ਦਾ ਜ਼ਿਕਰ ਹੈ।

ਪਿਛਲੀ ਖ਼ਬਰ ਬਰਾਤ ਰੂਪੀ ਨਗਰ ਕੀਰਤਨ ਦਾ ਮਾਝੇ ਵਿਚ ਦਾਖ਼ਲ ਹੋਣ ਦੇ ਉੱਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ 17 ਸਤੰਬਰ ਨੂੰ ਪੰਜ ਥਾਵਾਂ ’ਤੇ ਰੇਲ ਰੋਕਣ ਦਾ ਐਲਾਨ