ਚੋਗਾਵਾਂ/ਅੰਮ੍ਰਿਤਸਰ, 11 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ. ਜਗਬੀਰ ਸਿੰਘ ਔਲਖ (ਰਾਜਾਸਾਂਸੀ) ਦੀ ਅਗਵਾਈ ਹੇਠ ਥਾਣਾ ਲੋਪੋਕੇ ਦੀ ਪੁਲਿਸ ਨੂੰ ਉਸ ਵੇਲੇ ਇਕ ਵੱਡੀ ਸਫ਼ਲਤਾ ਮਿਲੀ, ਜਦੋਂ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਇਕ ਮੈਗਜ਼ੀਨ ਬਰਾਮਦ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਜਗਬੀਰ ਸਿੰਘ ਔਲਖ ਰਾਜਾਸਾਂਸੀ ਨੇ ਕਿਹਾ ਕਿ ਥਾਣਾ ਲੋਪੋਕੇ ਦੇ ਏ.ਐਸ.ਆਈ. ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦਿਆਂ ਜਦੋਂ ਓਡਰ ਨਹਿਰ ਦੇ ਪੁਲ ਲਾਗੇ ਪਹੁੰਚੀ, ਤਾਂ ਗਾਗਰਮੱਲ ਵਾਲੀ ਸਾਈਡ ਤੋਂ ਦੋ ਨੌਜਵਾਨ ਪੈਦਲ ਤੁਰੇ ਆਉਂਦੇ ਦਿਖਾਈ ਦਿੱਤੇ। ਸਾਹਮਣੇ ਪੁਲਿਸ ਨੂੰ ਵੇਖ ਕੇ ਦੋਵੇਂ ਨੌਜਵਾਨ ਘਬਰਾ ਗਏ ਅਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕਰਨ ਲੱਗੇ।
ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦੇ ਹੋਏ ਸ਼ੱਕ ਦੇ ਆਧਾਰ 'ਤੇ ਘੇਰਾ ਪਾ ਕੇ ਹੁਸਨਪ੍ਰੀਤ ਸਿੰਘ ਉਰਫ਼ ਪ੍ਰਿੰਸ (ਵਾਸੀ ਲੋਪੋਕੇ) ਅਤੇ ਬਲਜਿੰਦਰ ਸਿੰਘ ਉਰਫ਼ ਬਿੰਦ (ਵਾਸੀ ਗਾਗਰਮੱਲ) ਨੂੰ ਕਾਬੂ ਕਰ ਲਿਆ। ਉਨ੍ਹਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਇੱਕ ਮੈਗਜ਼ੀਨ ਬਰਾਮਦ ਹੋਇਆ।
ਪੁਲਿਸ ਥਾਣਾ ਲੋਪੋਕੇ ਵਿਖੇ ਫੜੇ ਕਥਿਤ ਦੋਸ਼ੀਆਂ ਖਿਲਾਫ਼ 25(8)-54-59 ਅਸਲਾ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਐਸ.ਪੀ. ਔਲਖ ਨੇ ਕਿਹਾ ਕਿ ਪੁਲਿਸ ਵਲੋਂ ਇਹ ਪਤਾ ਲਗਾਉਣ ਲਈ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹਥਿਆਰ ਉਹ ਕਿੱਥੋਂ ਲੈ ਕੇ ਆਏ ਸਨ ਅਤੇ ਕਿਸ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ।