ਅਜਨਾਲਾ (ਅੰਮ੍ਰਿਤਸਰ), 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਅੱਜ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਕੌਆਰਡੀਨੇਟਰ ਨਿਯੁਕਤ ਕਰਨ ਸਬੰਧੀ ਜਾਰੀ ਕੀਤੀ ਸੂਚੀ ਅਨੁਸਾਰ ਪੰਜਾਬ ਦੇ ਬਜ਼ੁਰਗ ਤੇ ਤਜ਼ੁਰਬੇਕਾਰ ਸਿਆਸਤਦਾਨ ਅਤੇ ਸਿਆਸਤ ਦੇ ‘ਬਾਬਾ ਬੋਹੜ’ ਵਜੋਂ ਜਾਣੇ ਜਾਂਦੇ ਡਾ. ਰਤਨ ਸਿੰਘ ਅਜਨਾਲਾ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੂੰ ਇਹ ਜ਼ਿੰਮੇਵਾਰੀ ਮਿਲਣ ਨਾਲ ਹਲਕਾ ਅਜਨਾਲਾ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ। ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚ ਸਰਗਰਮ ਰਹੇ ਡਾ. ਰਤਨ ਸਿੰਘ ਅਜਨਾਲਾ ਕੋਲ ਸਿਆਸੀ ਅਤੇ ਜਥੇਬੰਦਕ ਕੰਮਕਾਜ ਦਾ ਲੰਮਾ ਤਜ਼ਰਬਾ ਹੈ ਅਤੇ ਉਹ ਹਲਕੇ ਦੇ ਲੋਕਾਂ ਨਾਲ ਆਪਣੀ ਮਜ਼ਬੂਤ ਪਕੜ ਅਤੇ ਨਜ਼ਦੀਕੀ ਸਬੰਧਾਂ ਲਈ ਜਾਣੇ ਜਾਂਦੇ ਹਨ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਉਨ੍ਹਾਂ ਨੂੰ ਦਿੱਤੀ ਗਈ ਇਹ ਅਹਿਮ ਜ਼ਿੰਮੇਵਾਰੀ ਹਲਕਾ ਅਜਨਾਲਾ ਵਿਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਇਕਜੁੱਟ ਕਰਨ ਦੇ ਪੱਖੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ। ਡਾ. ਰਤਨ ਸਿੰਘ ਅਜਨਾਲਾ ਦੀ ਨਿਯੁਕਤੀ ਨਾਲ ਲੰਬੇ ਸਮੇਂ ਤੋਂ ਮਾਯੂਸ ਬੈਠੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਵੀ ਉਤਸ਼ਾਹ ਭਰੇਗਾ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡਾ. ਰਤਨ ਸਿੰਘ ਅਜਨਾਲਾ ਹਲਕੇ ਵਿਚ ਪਾਰਟੀ ਦੀਆਂ ਸਿਆਸੀ ਅਤੇ ਜਥੇਬੰਦਕ ਸਰਗਰਮੀਆਂ ਨੂੰ ਕਿਸ ਤਰ੍ਹਾਂ ਨਵੀਂ ਦਿਸ਼ਾ ਦਿੰਦੇ ਹਨ I