ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ),18 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੇਰੁਜ਼ਗਾਰੀ ਤੋਂ ਤੰਗ ਆਏ ਕਾਕੂ ਵਾਲਾ ਪਿੰਡ ਦੇ ਇਕ ਨੌਜਵਾਨ ਵਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਬੇਹੱਦ ਦੁੱਖਦਾਈ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਦਿੜ੍ਹਬਾ ਨੇੜਲੇ ਪਿੰਡ ਕਾਕੂ ਵਾਲਾ ਦੇ ਨੌਜਵਾਨ ਪ੍ਰਭਜੋਤ ਸਿੰਘ (26) ਪੁੱਤਰ ਗੁਰਜੀਵਨ ਸਿੰਘ ਨੇ ਤਿੰਨ ਚਾਰ ਸਾਲ ਪਹਿਲਾਂ ਬਾਰਵੀਂ ਜਮਾਤ ਪਾਸ ਕੀਤੀ ਸੀ ਪਰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਜੇ ਤੱਕ ਉਸ ਨੂੰ ਨੌਕਰੀ ਨਹੀ ਮਿਲ ਰਹੀ ਸੀ।
ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਗੱਲ ਨੂੰ ਲੈ ਕੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਪਤਾ ਲੱਗਣ ਤੇ ਪਰਿਵਾਰ ਵਲੋਂ ਪ੍ਰਭਜੋਤ ਸਿੰਘ ਨੂੰ ਇਲਾਜ ਲਈ ਤੁਰੰਤ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ। ਜਿੱਥੇ ਉਸ ਦੀ ਇਕ ਨਿਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਜੀਵਨ ਸਿੰਘ ਦੇ ਬਿਆਨਾਂ ਤੇ ਬੀ. ਐਨ. ਐਸ. ਐਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।