ਸੁਲਤਾਨਪੁਰ ਲੋਧੀ (ਕਪੂਰਥਲਾ), 17 ਅਗਸਤ (ਥਿੰਦ)- ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸਰਦੁੱਲਾਪੁਰ ਵਿਚ ਬੀਤੀ ਰਾਤ ਗੋਲੀਆਂ ਦੀ ਤੜਤੜਾਹਟ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਾਇਰਿੰਗ ਦੌਰਾਨ ਪਿੰਡ ਦੇ 25 ਸਾਲਾਂ ਨੌਜਵਾਨ ਸੁਖਦੀਪ ਸਿੰਘ ਪੁੱਤਰ ਜੱਸਾ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਨੌਜਵਾਨ ਦੇ ਚਿਹਰੇ ਦੇ ਖੱਬੇ ਪਾਸੇ ਗੋਲੀ ਲੱਗੀ ਹੈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਜੋ ਪਿੰਡ ਵਿਚ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਏ ਹਨ।
ਹਮਲਾਵਰ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਆਏ ਸਨ। ਘਟਨਾ ਤੋਂ ਬਾਅਦ ਸੁਖਦੀਪ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ। ਡਾਕਟਰਾਂ ਨੇ ਮੁੱਢਲਾ ਇਲਾਜ ਕਰਨ ਉਪਰੰਤ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉੱਚ ਇਲਾਜ ਲਈ ਅੱਗੇ ਰੈਫ਼ਰ ਕਰ ਦਿੱਤਾ। ਪਰਿਵਾਰ ਮੁਤਾਬਕ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜ਼ਖਮੀ ਸੁਖਦੀਪ ਸਿੰਘ ਦੇ ਭਰਾ ਨੇ ਦੱਸਿਆ ਕਿ “ਪਹਿਲਾਂ ਵੀ ਮੇਰੇ ਛੋਟੇ ਭਰਾ ’ਤੇ ਹਮਲੇ ਦੀ ਕੋਸ਼ਿਸ਼ ਹੋ ਚੁੱਕੀ ਹੈ। ਹੁਣ ਮੁੜ ਗੋਲੀਬਾਰੀ ਕਰਕੇ ਮੇਰੇ ਭਰਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਸਾਨੂੰ ਦੱਸਿਆ ਗਿਆ ਹੈ ਕਿ ਹਮਲਾਵਰ ਕਾਲੇ ਰੰਗ ਦੀ ਗੱਡੀ ਵਿਚ ਸਵਾਰ ਹੋ ਕੇ ਆਏ ਸਨ। ਸਾਡੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ ਵਿਚ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ। ਭਰਾ ਨੇ ਕਿਹਾ ਕਿ ਪਰਿਵਾਰ ਇਸ ਘਟਨਾ ਤੋਂ ਬਾਅਦ ਡਰ ਅਤੇ ਚਿੰਤਾ ਦੇ ਮਾਹੌਲ ਵਿਚ ਹੈ ਅਤੇ ਉਹ ਚਾਹੁੰਦੇ ਹਨ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦ ਕਾਬੂ ਕਰੇ। ਇਲਾਕੇ ’ਚ ਦਹਿਸ਼ਤ ਦਾ ਮਾਹੌਲ ਘਟਨਾ ਸਬੰਧੀ ਪਿੰਡ ਵਾਸੀ ਕਰਮਾ ਨੇ ਕਿਹਾ ਕਿ ਗੋਲੀਬਾਰੀ ਦੀ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਬਹੁਤ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ।