ਅਜਨਾਲਾ (ਅੰਮ੍ਰਿਤਸਰ), 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਮਾਰਕੀਟ ਕਮੇਟੀ ਅਜਨਾਲਾ ਦੇ ਨਵ-ਨਿਯੁਕਤ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਦਾ ਤਾਜਪੋਸ਼ੀ ਸਮਾਗਮ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾ ਕੇ ਉਨ੍ਹਾਂ ਨੂੰ ਇਸ ਨਵੀਂ ਜਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ । ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਅਜਨਾਲਾ ਦੇ ਸਕੱਤਰ ਸੰਦੀਪ ਸਿੰਘ ਰਿਆੜ, ਆੜ੍ਹਤੀ ਯੂਨੀਅਨ ਪ੍ਰਧਾਨ ਹਰਵਿੰਦਰ ਸਿੰਘ ਸ਼ਾਹ, ਸਬਜ਼ੀ ਮੰਡੀ ਯੂਨੀਅਨ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਸਾਹੋਵਾਲ ਤੇ ਹੋਰਨਾਂ ਸ਼ਖਸੀਅਤਾਂ ਵਲੋਂ ਨਵ-ਨਿਯੁਕਤ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਨੂੰ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਪੰਚ ਰਾਜਵਿੰਦਰ ਸਿੰਘ ਰਾਜੂ ਮਿਹਨਤੀ, ਤਜ਼ਰਬੇਕਾਰ ਅਤੇ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜੇ ਹੋਏ ਆਗੂ ਹਨ। ਉਨ੍ਹਾਂ ਨੂੰ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਮਿਲਣ ਨਾਲ ਕਿਸਾਨਾਂ, ਆੜ੍ਹਤੀਆਂ, ਵਪਾਰੀਆਂ ਅਤੇ ਮਜ਼ਦੂਰਾਂ ਨਾਲ ਸੰਬੰਧਿਤ ਮਸਲਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿਚ ਮਦਦ ਮਿਲੇਗੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਹਲਕਾ ਖੇਤੀਬਾੜੀ ਪ੍ਰਧਾਨ ਇਲਾਕਾ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਬਿਹਤਰ ਸਹੂਲਤਾਂ ਦੇਣਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਅਜਨਾਲਾ ਅਧੀਨ ਆਉਂਦੀਆਂ ਮੰਡੀਆਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਵੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੰਡੀਆਂ ਦੀਆਂ ਹੋਰ ਬੁਨਿਆਦੀ ਸਹੂਲਤਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉੱਜ ਦਰਿਆ ’ਤੇ ਡੈਮ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਲੈ ਕੇ ਇਕ ਵਫ਼ਦ ਕੱਲ੍ਹ ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਵਫ਼ਦ ਵਲੋਂ ਉੱਜ ਦਰਿਆ ਦੇ ਪਾਣੀ ਨੂੰ ਸਹੀ ਢੰਗ ਨਾਲ ਸੰਭਾਲਣ ਲਈ ਡੈਮ ਬਣਾਉਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕਾ ਅਜਨਾਲਾ ਦੇ 11 ਸਰਪੰਚਾਂ ਤੇ ਮੋਹਤਬਾਰਾਂ ਦੇ ਇਸ ਵਫ਼ਦ ਵਲੋਂ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਕਿ ਜਦੋਂ ਉੱਜ ਦਰਿਆ ਵਿਚ ਪਾਣੀ ਦਾ ਵਹਾਅ ਵਧ ਜਾਂਦਾ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਮਾਝੇ ਦੇ ਇਲਾਕੇ ’ਤੇ ਪੈਂਦਾ ਹੈ। ਵੱਧ ਪਾਣੀ ਕਾਰਨ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਸਮੇਤ ਅਜਨਾਲਾ ਖੇਤਰ ਵਿਚ ਹੜ੍ਹਾਂ ਅਤੇ ਪਾਣੀ ਭਰਨ ਦੀ ਸਥਿਤੀ ਪੈਦਾ ਹੋਣ ਨਾਲ ਲੋਕਾਂ, ਕਿਸਾਨਾਂ ਅਤੇ ਫ਼ਸਲਾਂ ਦਾ ਵੱਡਾ ਨੁਕਸਾਨ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਵਫ਼ਦ ਵਲੋਂ ਰਾਜਪਾਲ ਨੂੰ 150 ਪੰਚਾਇਤਾਂ ਦੇ ਦਸਤਖਤਾਂ ਵਾਲਾ ਪੱਤਰ ਸੌਂਪ ਕੇ ਅਪੀਲ ਕੀਤੀ ਜਾਵੇਗੀ ਕਿ ਉੱਜ ਦਰਿਆ ’ਤੇ ਡੈਮ ਬਣਾਉਣ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਉੱਜ ਦਰਿਆ ਤੇ ਡੈਮ ਬਣਾਉਣ ਦੀ ਲੋੜੀਂਦੀ ਕਾਰਵਾਈ ਤੁਰੰਤ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਨਾਲ ਨਾ ਸਿਰਫ਼ ਵਾਧੂ ਪਾਣੀ ਨੂੰ ਸੰਭਾਲਣ ਵਿਚ ਮਦਦ ਮਿਲੇਗੀ, ਸਗੋਂ ਹੜ੍ਹਾਂ ਦੇ ਖ਼ਤਰੇ ਨੂੰ ਵੀ ਕਾਫ਼ੀ ਹੱਦ ਤੱਕ ਘਟਾਇਆ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੰਗ ਨੂੰ ਲੈ ਕੇ ਇਕ ਵਫਦ ਵਲੋਂ ਜੰਮੂ ਕਸ਼ਮੀਰ ਦੇ ਰਾਜਪਾਲ ਨਾਲ ਵੀ ਜਲਦ ਹੀ ਮੁਲਾਕਾਤ ਕੀਤੀ ਜਾਵੇਗੀ।
ਨਵ-ਨਿਯੁਕਤ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਪਾਰਦਰਸ਼ਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਾ ਅਤੇ ਮੰਡੀਆਂ ਵਿਚ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮੰਡੀਆਂ ਵਿਚ ਸਾਫ਼-ਸਫ਼ਾਈ, ਪੀਣ ਵਾਲਾ ਪਾਣੀ, ਰੌਸ਼ਨੀ, ਨਿਕਾਸੀ ਅਤੇ ਹੋਰ ਜ਼ਰੂਰੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ।
ਤਾਜ਼ਾ ਖ਼ਬਰਾਂ
Free
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਦੀ ਤਾਜਪੋਸ਼ੀ
ਅਜਨਾਲਾ (ਅੰਮ੍ਰਿਤਸਰ), 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਮਾਰਕੀਟ ਕਮੇਟੀ ਅਜਨਾਲਾ ਦੇ ਨਵ-ਨਿਯੁਕਤ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਦਾ ਤਾਜਪੋਸ਼ੀ ਸਮਾਗਮ ਅੱਜ ਹਲਕਾ...
ਅਜੀਤ ਡੈਸਕ
17-08-2026